ਬਗਦਾਦ : ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਦਿਮੀ ਦੇ ਘਰ 'ਤੇ ਐਤਵਾਰ ਤੜਕੇ ਡਰੋਨ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਉਹ ਵਾਲ-ਵਾਲ ਬਚ ਗਿਆ। ਇਰਾਕੀ ਫੌਜ ਨੇ ਦੱਸਿਆ ਕਿ ਅੱਜ ਸਵੇਰੇ ਵਿਸਫੋਟਕਾਂ ਨਾਲ ਭਰੇ ਇੱਕ ਡਰੋਨ ਨੇ ਬਗਦਾਦ ਵਿੱਚ ਪ੍ਰਧਾਨ ਮੰਤਰੀ ਨਿਵਾਸ ਨੂੰ ਨਿਸ਼ਾਨਾ ਬਣਾਇਆ। ਇਹ ਪੀਐਮ ਕਾਦੀਮੀ ਦੀ ਹੱਤਿਆ ਦੀ ਕੋਸ਼ਿਸ਼ ਸੀ। ਇਸ ਹਮਲੇ 'ਚ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ 6 ਲੋਕ ਜ਼ਖਮੀ ਹੋ ਗਏ।
ਬਗਦਾਦ ਦੇ ਗ੍ਰੀਨ ਜ਼ੋਨ 'ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੋਏ ਹਮਲੇ ਦੀ ਅਜੇ ਤੱਕ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਪਤਾ ਲੱਗਾ ਹੈ ਕਿ ਇਸ ਜ਼ੋਨ ਵਿਚ ਕਈ ਸਰਕਾਰੀ ਇਮਾਰਤਾਂ ਅਤੇ ਵਿਦੇਸ਼ੀ ਦੂਤਾਵਾਸ ਹਨ। ਕਾਦੀਮੀ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਹਨ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਦੋ ਸਰਕਾਰੀ ਅਧਿਕਾਰੀਆਂ ਨੇ ਦੱਸਿਆ, ਧਮਾਕੇ ਅਤੇ ਗੋਲੀਆਂ ਦੀ ਆਵਾਜ਼ ਸੁਣੀ ਗਈ, " ਕਾਦੀਮੀ ਦੇ ਘਰ 'ਤੇ ਘੱਟੋ ਘੱਟ ਇੱਕ ਹਮਲਾ ਹੋਇਆ। ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਸੁਰੱਖਿਆ 'ਚ ਤਾਇਨਾਤ 6 ਮੈਂਬਰ ਜ਼ਖਮੀ ਹੋ ਗਏ ਹਨ। ਗ੍ਰੀਨ ਜ਼ੋਨ ਵਿੱਚ ਸਥਿਤ ਪੱਛਮੀ ਡਿਪਲੋਮੈਟਾਂ ਨੇ ਕਿਹਾ ਕਿ ਉਨ੍ਹਾਂ ਨੇ ਧਮਾਕੇ ਅਤੇ ਗੋਲੀਆਂ ਦੀ ਆਵਾਜ਼ ਸੁਣੀ। ਹਮਲਾ ਇੰਨਾ ਜ਼ਬਰਦਸਤ ਸੀ ਕਿ ਪੀਐੱਮ ਹਾਊਸ ਦੀਆਂ ਕਈ ਖਿੜਕੀਆਂ ਅਤੇ ਦਰਵਾਜ਼ੇ ਉੱਖੜ ਗਏ। ਇਰਾਕ ਦੇ ਪ੍ਰਧਾਨ ਮੰਤਰੀ ਨਿਵਾਸ 'ਤੇ ਇਹ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਦੇਸ਼ 'ਚ ਪਿਛਲੇ ਮਹੀਨੇ ਹੋਈਆਂ ਸੰਸਦੀ ਚੋਣਾਂ 'ਚ ਧਾਂਦਲੀ ਦੇ ਦੋਸ਼ ਲੱਗੇ ਹਨ। ਸ਼ੁੱਕਰਵਾਰ ਨੂੰ ਹੀ ਬਗਦਾਦ ਦੇ ਗ੍ਰੀਨ ਜ਼ੋਨ ਖੇਤਰ ਦੇ ਬਾਹਰ ਡੇਰੇ ਲਾਏ ਈਰਾਨ ਪੱਖੀ ਸ਼ੀਆ ਲੜਾਕਿਆਂ ਦੇ ਸਮਰਥਕਾਂ ਅਤੇ ਦੰਗਾ ਵਿਰੋਧੀ ਪੁਲਿਸ ਵਿਚਾਲੇ ਝੜਪ ਹੋ ਗਈ, ਜੋ ਬਾਅਦ 'ਚ ਹਿੰਸਕ ਹੋ ਗਈ। ਹਮਲੇ 'ਚ ਪ੍ਰਧਾਨ ਮੰਤਰੀ ਨਿਵਾਸ ਦਾ ਢਾਂਚਾ ਵੀ ਨੁਕਸਾਨਿਆ ਗਿਆ, ਕਈ ਕਮਰਿਆਂ 'ਚ ਮਲਬਾ ਦੇਖਿਆ ਗਿਆ।