ਮਨਾਲੀ : ਹਿਮਾਚਲ ਪ੍ਰਦੇਸ਼ ਦੇ ਲਾਹੌਤ ਸਪਿਤੀ ਅਤੇ ਮਨਾਲੀ ਵਿੱਚ ਮੰਗਲਵਾਰ ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਇਸ ਦੇ ਨਾਲ ਹੀ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ। ਇਹ ਝਟਕੇ ਸਵੇਰੇ 6.02 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਇੰਨੀ ਸੀ ਕਿ ਲੋਕ ਘਰਾਂ ਤੋਂ ਬਾਹਰ ਆ ਗਏ। ਲਾਹੌਲ-ਸਪੀਤੀ ਅਤੇ ਮਨਾਲੀ ਤੋਂ ਇਲਾਵਾ ਕੁੱਲੂ ਅਤੇ ਮੰਡੀ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਜਾਣਕਾਰੀ ਮੁਤਾਬਕ ਸੂਬੇ 'ਚ ਪਿਛਲੇ ਦੋ ਦਿਨਾਂ 'ਚ ਤੀਜੀ ਵਾਰ ਭੂਚਾਲ ਆਇਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਿਮਲ 'ਚ ਅਤੇ ਇਸ ਤੋਂ ਪਹਿਲਾਂ ਚੰਬਾ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਜਾਣਕਾਰੀ ਮੁਤਾਬਕ ਇਸ ਵਾਰ ਭੂਚਾਲ ਦਾ ਕੇਂਦਰ ਮਨਾਲੀ 'ਚ ਸੀ ਅਤੇ ਇਹ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਸੋਮਵਾਰ ਸਵੇਰੇ ਘੱਟ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 2.1 ਮਾਪੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਸਵੇਰੇ ਕਰੀਬ 4.08 ਵਜੇ ਆਇਆ। ਇਹ ਸ਼ਿਮਲਾ ਜ਼ਿਲ੍ਹੇ ਵਿੱਚ ਪੰਜ ਕਿਲੋਮੀਟਰ ਦੀ ਡੂੰਘਾਈ ਵਿੱਚ ਕੇਂਦਰਿਤ ਸੀ।
ਉਧਰ ਦੂਜੇ ਪਾਸੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ 'ਚ ਐਤਵਾਰ ਨੂੰ ਮੱਧਮ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦਿੱਤੀ। ਇਸ ਦੀ ਤੀਬਰਤਾ 4.2 ਦਰਜ ਕੀਤੀ ਗਈ। ਭੂਚਾਲ ਦਾ ਝਟਕਾ ਕੇਂਦਰ ਸ਼ਾਸਤ ਪ੍ਰਦੇਸ਼ ਦੇ ਕਾਰਗਿਲ ਖੇਤਰ ਵਿੱਚ ਰਾਤ 11.29 ਵਜੇ ਆਇਆ ਅਤੇ ਇਸ ਦਾ ਕੇਂਦਰ 140 ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਹਿਮਾਲੀਅਨ ਖੇਤਰ ਭੂਚਾਲਾਂ ਲਈ ਕਮਜ਼ੋਰ ਹੈ।