ਚੰਡੀਗੜ੍ਹ/ ਪੰਚਕੂਲਾ : ਡੇਰਾ ਸੱਚਾ ਸੌਦੇ ਦੇ ਪ੍ਰਮੁੱਖ ਰਾਮ ਰਹੀਮ ਸਮੇਤ 5 ਹੋਰ ਦੋਸ਼ੀਆਂ ਨੂੰ ਰਣਜੀਤ ਸਿੰਘ ਹਤਿਆ ਕਾਂਡ ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ ਯਾਨੀ ਕਿ ਅੱਜ ਹੋਰ ਸਜ਼ਾ ਸੁਣਾ ਦਿਤੀ ਹੈ। ਸੀਬੀਆਈ ਦੇ ਸੁਸ਼ੀਲ ਗਰਗ ਨੇ ਰਾਮ ਰਹੀਮ ਸਮੇਤ ਪੰਜ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ। ਇਸ ਤੋਂ ਇਲਾਵਾ ਰਾਮ ਰਹੀਮ ਉੱਤੇ 31 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ।
ਸੋਮਵਾਰ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਰਾਮ ਰਹੀਮ ਦੀ ਪੇਸ਼ੀ ਵੀਡੀਓ ਕਾਨਫ਼ਰੰਸ ਰਾਹੀਂ ਕੀਤੀ ਗਈ। ਉਥੇ ਹੀ ਹੋਰ 4 ਦੋਸ਼ੀਆਂ ਨੂੰ ਸਖ਼ਤ ਸੁਰੱਖਿਆ ਵਿੱਚ ਪੰਚਕੂਲਾ ਕੋਰਟ ਲਿਆਂਦਾ ਗਿਆ। ਸੁਣਵਾਈ ਦੌਰਾਨ ਸਰਕਾਰੀ ਵਕੀਲ ਐਚਪੀਐਸ ਵਰਮਾ ਨੇ ਦੋਸ਼ੀਆਂ ਲਈ ਫ਼ਾਂਸੀ ਦੀ ਸਜ਼ਾ ਦੀ ਮੰਗ ਕੀਤੀ। ਉਥੇ ਹੀ ਬਚਾਉ ਪੱਖ ਦੇ ਵਕੀਲ ਨੇ ਦਲੀਲ ਦਿੱਤਾ ਕਿ ਇਸ ਮਾਮਲੇ ਵਿੱਚ ਫ਼ਾਂਸੀ ਦੀ ਸਜ਼ਾ ਨਹੀਂ ਬਣਦੀ। ਇਸ ਦੌਰਾਨ ਰਾਮ ਰਹੀਮ ਨੇ ਕਿਹਾ ਕਿ ਉਹ ਇਸ ਦੇਸ਼ ਦਾ ਨਾਗਰਿਕ ਹੈ ਅਤੇ ਉਸਨੂੰ ਅਦਾਲਤ ਉੱਤੇ ਪੂਰਾ ਭਰੋਸਾ ਹੈ। ਇਸਤੋਂ ਪਹਿਲਾਂ ਰਾਮ ਰਹੀਮ ਨੇ ਅਦਾਲਤ ਵਿੱਚ ਡੇਰੇ ਵਲੋਂ ਚਲਾਏ ਜਾ ਰਹੇ ਸਾਮਾਜਕ ਕੰਮਾਂ ਅਤੇ ਆਪਣੀ ਰੋਗ ਦੀ ਦੁਹਾਈ ਦਿੱਤੀ ਸੀ । ਦਰਅਸਲ 12 ਅਕਤੂਬਰ ਨੂੰ ਪੰਚਕੂਲਾ ਵਿੱਚ ਸੀਬੀਆਈ ਕੋਰਟ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਦੋਸ਼ੀਆਂ ਦੇ ਵਕੀਲਾਂ ਦੁਆਰਾ ਸੀਬੀਆਈ ਵਲੋਂ ਦਿਤੀਆਂ ਗਈਆਂ ਦਲੀਲਾਂ ਨੂੰ ਪੜ੍ਹਨ ਲਈ ਸਮਾਂ ਮੰਗਣ ਉੱਤੇ 18 ਅਕਤੂਬਰ ਦੀ ਤਾਰੀਖ ਦੇ ਦਿੱਤੀ ਸੀ। ਉੱਧਰ, ਸੋਮਵਾਰ ਨੂੰ ਰਣਜੀਤ ਹਤਿਆ ਕਾਂਡ ਵਿੱਚ ਫੈਸਲਾ ਆਉਣ ਕਾਰਨ ਪੰਚਕੂਲਾ ਪ੍ਰਸ਼ਾਸਨ ਨੇ ਸਵੇਰੇ ਤੋਂ ਹੀ ਪੂਰੇ ਸ਼ਹਿਰ ਵਿੱਚ ਧਾਰਾ 144 ਲਾਗੂ ਲਾ ਦਿਤੀ ਸੀ।