ਪੰਚਕੂਲਾ : ਅੱਜ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਦੀਆਂ ਦਿੱਲ ਦੀਆਂ ਧੜਕਨਾਂ ਵੱਧ ਗਈਆਂ ਹੋਣਗੀਆਂ ਕਿਉਂਕਿ ਇਕ ਹੋਰ ਕੇਸ ਵਿਚ ਉਸ ਨੂੰ ਅੱਜ ਸਜ਼ਾ ਸੁਣਾਈ ਜਾਵੇਗੀ। ਦਰਅਸਲ ਡੇਰੇ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਸੋਮਵਾਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ 5 ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਵੇਗੀ। ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਚੱਪੇ-ਚੱਪੇ 'ਤੇ ਪੁਲਿਸ ਦਾ ਪਹਿਰਾ ਹੈ। ਇਸ ਮਾਮਲੇ ਵਿਚ ਪਹਿਲਾਂ 12 ਅਕਤੂਬਰ ਨੂੰ ਫ਼ੈਸਲਾ ਆਉਣ ਦੀ ਸੰਭਾਵਨਾ ਸੀ, ਪਰ ਸਜ਼ਾ ਨੂੰ ਲੈ ਕੇ ਸੀਬੀਆਈ ਅਤੇ ਬਚਾਅ ਪੱਖ ਵਿਚਾਲੇ ਬਹਿਸ ਪੂਰੀ ਨਹੀਂ ਹੋ ਸਕੀ ਸੀ। ਸੋਮਵਾਰ ਨੂੰ ਵੀ ਪਹਿਲਾਂ ਗੁਰਮੀਤ ਰਾਮ ਰਹੀਮ ਵੱਲੋਂ ਘੱਟ ਤੋਂ ਘੱਟ ਸਜ਼ਾ ਦੇਣ ਲਈ ਆਪਣਾ ਪੱਖ ਰੱਖਿਆ ਜਾਵੇਗਾ। ਨਾਲ ਹੀ ਹੋਰ ਦੋਸ਼ੀਆਂ ਦੇ ਵਕੀਲ ਵੀ ਆਪਣਾ ਪੱਖ ਰੱਖਣਗੇ। ਸਜ਼ਾ ਲਈ ਸੀਬੀਆਈ ਨੇ ਪਿਛਲੀ ਸੁਣਵਾਈ ’ਤੇ ਆਪਣਾ ਪੱਖ ਰੱਖ ਦਿੱਤਾ ਸੀ ਅਤੇ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਦੇਣ ਦੀ ਅਪੀਲ ਕੀਤੀ ਸੀ। ਡਿਪਟੀ ਪੁਲਿਸ ਕਮਿਸ਼ਨਰ ਮੋਹਿਤ ਹਾਂਡਾ ਨੇ ਡੇਰੇ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਹੱਤਿਆ ਮਾਮਲੇ ਵਿਚ ਸੋਮਵਾਰ ਨੂੰ ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ ਜ਼ਿਲ੍ਹੇ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ। 18 ਅਕਤੂਬਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ 5 ਦੋਸ਼ੀਆਂ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਕੋਰਟ ਵੱਲੋਂ ਸਜ਼ਾ ਸੁਣਾਈ ਜਾਵੇਗੀ। ਇਸ ਦੌਰਾਨ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਹੋਵੇਗਾ ਜਦਕਿ ਦੋਸ਼ੀ ਕ੍ਰਿਸ਼ਣ ਲਾਲ, ਅਵਤਾਰ, ਸਬਦਿਲ ਅਤੇ ਜਸਬੀਰ ਪ੍ਰਤੱਖ ਰੂਪ ਵਿਚ ਕੋਰਟ ਵਿਚ ਪੇਸ਼ ਹੋਣਗੇ।