ਤਿਰੁਵੰਤਪੁਰਮ : ਆਪਣੀ ਪਤਨੀ ਨੂੰ ਸੱਪ ਲੜਵਾ ਕੇ ਮਾਰਨ ਵਾਲੇ ਪਤੀ ਨੂੰ ਕੇਰਲ ਦੀ ਇੱਕ ਅਦਾਲਤ ਨੇ ਅੱਜ ਸਜ਼ਾ ਸੁਣਾਉਂਦਿਆ ਕਿਹਾ ਕਿ ਅਪਰਾਧ ਨੂੰ ਦੇਖਦੇ ਹੋਏ ਉਸ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ, ਪਰ ਉਸ ਦੀ ਉਮਰ ਘੱਟ ਹੋਣ ਕਾਰਨ ਉਸ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਜਾ ਰਹੀ ਹੈ। ਕੋਰਟ ਨੇ ਸੂਰਜ ਐਸ ਕੁਮਾਰ ਨੂੰ ਆਪਣੀ ਪਤਨੀ ਨੂੰ ਸੱਪ ਲੜਵਾ ਕੇ ਮਾਰਨ, ਸਬੂਤਾਂ ਨੂੰ ਨਸ਼ਟ ਕਰਨ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਇਆ ਸੀ।ਸਜ਼ਾ ਸੁਣਾਉਣ ਵਾਲੇ ਵਧੀਕ ਸੈਸ਼ਨ ਜੱਜ ਮਨੋਜ ਐਮ ਨੇ ਦੋਸ਼ੀ ਨੂੰ ਕੁੱਲ 5.85 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸੂਰਜ ਨੇ ਪਿਛਲੇ ਸਾਲ ਮਈ ਵਿੱਚ ਆਪਣੀ ਪਤਨੀ ਉੱਥਰਾ ਨੂੰ ਉਸ ਸਮੇਂ ਕੋਬਰਾ ਤੋਂ ਡੰਗ ਮਰਵਾ ਕੇ ਮਾਰ ਦਿੱਤਾ ਸੀ ਜਦੋਂ ਉਹ ਸੁੱਤੀ ਪਈ ਸੀ। ਦੱਸ ਦਈਏ ਕਿ 25 ਸਾਲਾ ਮਹਿਲਾ ਉੱਥਰਾ ਦੀ 7 ਮਈ 2020 ਨੂੰ ਆਪਣੇ ਘਰ ਵਿੱਚ ਸੱਪ ਦੇ ਡੱਸਣ ਕਾਰਨ ਮੌਤ ਹੋ ਗਈ ਸੀ। ਪਹਿਲਾਂ ਤਾਂ ਇਹ ਸਮਝਿਆ ਗਿਆ ਕਿ ਸੱਪ ਦੇ ਡੱਸਣ ਕਾਰਨ ਔਰਤ ਦੀ ਕੁਦਰਤੀ ਮੌਤ ਹੋਈ ਹੈ। ਪਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਧੀ ਦੇ ਕਤਲ ਦਾ ਸ਼ੱਕ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਸ ਦੀ ਧੀ ਨੂੰ ਦਾਜ ਲਈ ਤੰਗ ਕੀਤਾ ਗਿਆ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਸੱਪ ਦਾ ਏਸੀ ਬੰਦ ਕਮਰੇ ਵਿੱਚ ਆਉਣਾ ਅਸੰਭਵ ਸੀ, ਖਾਸ ਕਰਕੇ ਜਦੋਂ ਫਰਸ਼ ਟਾਇਲਡ ਸੀ।
ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤੀ ਦੋਸ਼ੀ ਸਾਬਤ ਹੋਇਆ। ਉਸ ਨੇ ਮੰਨਿਆ ਸੀ ਕਿ ਪਤਨੀ ਨੂੰ ਮਾਰਨ ਲਈ ਮੁੱਲ ਸੱਪ ਲੈ ਕੇ ਆਇਆ ਸੀ। ਉਸ ਨੇ ਪਹਿਲਾਂ ਵੀ ਇਕ ਨਕਾਮ ਕੋਸ਼ਿਸ਼ ਕੀਤੀ ਸੀ।