ਨਵੀਂ ਦਿੱਲੀ: BJP ਲਈ ਮੁਸੀਬਤਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਇੱਕ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਸੱਤਾ ਧਿਰ BJP ਨੂੰ ਬੁਰੀ ਤਰ੍ਹਾਂ ਘੇਰ ਰਹੀਆਂ ਹਨ ਤੇ ਦੂਜੇ ਪਾਸੇ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨ ਵੀ ਹੁਣ ਆਰ-ਪਾਰ ਦੀ ਲੜਾਈ ਲਈ ਰਣਨੀਤੀ ਬਣਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਹੁਣ 18 ਅਕਤੂਬਰ ਤੋਂ ਦੇਸ਼ ਭਰ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਦਰਅਸਲ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਕਸੂਤੀ ਘਿਰ ਗਈ ਹੈ। ਬੇਸ਼ੱਕ ਕਿਸਾਨ ਅੰਦੋਲਨ ਕਰਕੇ BJP ਖਿਲਾਫ ਪਹਿਲਾਂ ਹੀ ਰੋਸ ਸੀ ਪਰ ਲਖੀਮਪੁਰ ਖੀਰੀ ਕਾਂਡ ਨੇ ਚੋਣਾਂ ਵਾਲੇ ਦੋ ਰਾਜਾਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ। ਇਹ ਦੋਵੇਂ ਰਾਜਾਂ ਵਿੱਚ ਇਸ ਵੇਲੇ BJP ਦੀਆਂ ਸਰਕਾਰਾਂ ਹਨ। ਲਖੀਮਪੁਰ ਖੀਰੀ ਕਾਂਡ ਨਾਲ ਨਾ ਸਿਰਫ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਅਕਸ ਨੂੰ ਸੱਟ ਵੱਜੀ ਹੈ, ਸਗੋਂ ਕੇਂਦਰ ਵਿਚਲੀ ਮੋਦੀ ਸਰਕਾਰ ਉੱਪਰ ਵੀ ਸਵਾਲ ਉੱਠੇ ਹਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬੀਜੇਪੀ ਨੇ ਖੁਦ ਹੀ ਕਿਸਾਨ ਅੰਦੋਲਨ ਨੂੰ ਦੇਸ਼ ਵਿਆਪੀ ਬਣਾਉਣ ਦਾ ਮੌਕਾ ਦੇ ਦਿੱਤਾ ਹੈ। ਲਖੀਮਪੁਰ ਖੀਰੀ ਕਾਂਡ ਮਗਰੋਂ ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਪ੍ਰਤੀ ਲੋਕਾਂ ਦੀ ਹਮਦਰਦੀ ਵਧੀ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਨੇ ਵੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀ ਰਣਨੀਤੀ ਬਣਾਈ ਹੈ। ਇਸ ਨਾਲ ਬੀਜੇਪੀ ਲਈ ਹਾਲਾਤ ਹੋਰ ਕਸੂਤੇ ਬਣਨਗੇ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤੇ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਦੀ ਸੂਰਤ ਵਿੱਚ 18 ਅਕਤੂਬਰ ਤੋਂ ਦੇਸ਼ ਭਰ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਮੋਰਚ ਨੇ ਕਿਹਾ ਸੀ ਕਿ ਕੇਂਦਰੀ ਮੰਤਰੀ ਨੂੰ ਫੌਰੀ ਕੇਂਦਰੀ ਵਜ਼ਾਰਤ ’ਚੋਂ ਲਾਂਭੇ ਕਰਕੇ ਪਿਉ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਮੋਰਚੇ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਉਪਰੋਕਤ ਸਾਰੀਆਂ ਮੰਗਾਂ 11 ਅਕਤੂਬਰ ਤੱਕ ਪੂਰੀਆਂ ਨਹੀਂ ਹੁੰਦੀਆਂ, ਤਾਂ ਉਹ 18 ਅਕਤੂਬਰ ਨੂੰ ਆਲ ਇੰਡੀਆ ਰੇਲ ਰੋਕੋ ਦੇ ਸੱਦੇ ਨੂੰ ਅੱਗੇ ਵਧਾਉਣਗੇ।