ਹੈਦਰਾਬਾਦ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਦੇਰ ਰਾਤ ਕਈ ਹਿੱਸਿਆਂ 'ਚ ਤੇਜ਼ ਬਾਰਸ਼ ਹੋਈ। ਜਿਸ ਤੋਂ ਬਾਅਦ ਸੜਕਾਂ 'ਤੇ ਗੋਢਿਆਂ ਤਕ ਪਾਣੀ ਭਰ ਗਿਆ। ਇਸ ਦੌਰਾਨ ਦੋ ਲੋਕ ਨਾਲੇ 'ਚ ਵੀ ਵਹਿ ਗਏ। ਜਿੰਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਹੈਦਰਾਬਾਦ ਦੇ ਨਿਰਦੇਸ਼ਕ ਨੇ ਦੱਸਿਆ ਕਿ ਅਗਲੇ 24 ਘੰਟਿਆਂ ਦੌਰਾਨ ਹੈਦਰਾਬਾਦ ਸਮੇਤ ਤੇਲੰਗਾਨਾ ਦੇ ਕਈ ਜ਼ਿਲ੍ਹਿਆਂ 'ਚ ਹਲਕੀ ਤੋਂ ਮੱਧਮ ਬਾਰਸ਼ ਦੀ ਸੰਭਾਵਨਾ ਹੈ। ਹੈਦਰਾਬਾਦ 'ਚ ਭਾਰੀ ਬਾਰਸ਼ ਤੋਂ ਬਾਅਦ ਹਾਲਾਤ ਕਿਹੋ ਜਿਹੇ ਹਨ। ਇਸ ਦਾ ਅੰਦਾਜ਼ਾ ਸਿਰਫ਼ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬਾਰਸ਼ ਦਾ ਪਾਣੀ ਓਲਡ ਸਿਟੀ ਦੇ ਇਕ ਰੈਸਟੋਰੈਂਟ 'ਚ ਵੜ ਗਿਆ। ਇਸ ਦੇ ਨਾਲ ਹੀ ਇਲਾਕੇ ਦੇ ਕਈ ਘਰਾਂ 'ਚ ਪਾਣੀ ਦਾਖਲ ਹੋ ਗਿਆ।
ਹੈਦਰਾਬਾਦ ਦੇ ਵਨਸਥਲੀਪੁਰਮ ਦੇ ਕਈ ਹਿੱਸਿਆਂ 'ਚ ਬਾਰਸ਼ ਤੋਂ ਬਾਅਦ ਪਾਣੀ ਨਾਲ ਭਰੀਆਂ ਸੜਕਾਂ ਪਾਰ ਕਰਨ ਲਈ ਲੋਕ ਸੰਘਰਸ਼ ਕਰਦੇ ਦਿਖੇ। ਇਲਾਕੇ ਦੇ ਏਸੀਪੀ ਕੇ.ਪੁਰਸ਼ੋਤਮ ਨੇ ਕਿਹਾ ਹੈ, ਭਾਰੀ ਬਾਰਸ਼ ਕਾਰਨ ਨਾਲੇ 'ਚ ਪਾਣੀ ਭਰ ਜਾਣ ਨਾਲ ਦੋ ਲੋਕ ਵਹਿ ਗਏ ਹਨ। ਬਚਾਅ ਦਲ ਉਨ੍ਹਾਂ ਦੀ ਤਲਾਸ਼ ਕਰ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 24 ਘੰਟਿਆਂ ਦੌਰਾਨ ਗੁਜਰਾਤ, ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ, ਮੱਧ ਪ੍ਰਦੇਸ਼, ਅੰਡੇਮਾਨ-ਨਿਕੋਬਾਰ, ਤਾਮਿਲਨਾਡੂ, ਕੇਰਲ, ਕਰਨਾਟਕ ਤੇ ਗੋਆ, ਆਂਧਰਾ ਪ੍ਰਦੇਸ਼, ਰਾਇਲਸੀਮਾ, ਤੇਲੰਗਾਨਾ ਦੇ ਕੁਝ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਸ਼ ਹੋ ਸਕਦੀ ਹੈ।