ਲੁਧਿਆਣਾ: ਲੁਧਿਆਣਾ ਦੇ ਪਿੰਡ ਸੁਧਾਰ ਪੱਤੀ ਧਾਲੀਵਾਲ ਦਾ ਵਾਸੀ ਪਰਮਜੀਤ ਸਿੰਘ (48 ਸਾਲ) ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨਾਲ ਜੁੜਿਆ ਹੋਇਆ ਸੀ। ਉਹ ਦਿੱਲੀ ਸਰਹੱਦ ’ਤੇ ਲੱਗੇ ਕਿਸਾਨ ਮੋਰਚੇ ’ਤੇ ਜਾਂਦਾ ਰਹਿੰਦਾ ਸੀ। ਲਗਭਗ 4 ਦਿਨ ਪਹਿਲਾਂ ਹੀ ਉਹ ਦਿੱਲੀ ਤੋਂ ਘਰ ਪਰਤਿਆ ਸੀ। ਸੋਮਵਾਰ ਦੀ ਸ਼ਾਮ ਨੂੰ ਮਨਰੇਗਾ ਯੋਜਨਾ ਦੇ ਤਹਿਤ ਕੰਮ ਕਰਨ ਵਾਲੀਆਂ ਔਰਤਾਂ ਅਬੋਹਰ ਬ੍ਰਾਂਚ ਨਹਿਰ ਦੇ ਨੇੜੇ ਕੰਮ ਕਰਕੇ ਵਾਪਸ ਜਾ ਰਹੀਆਂ ਸਨ। ਉਨ੍ਹਾਂ ਨੇ ਦਰੱਖ਼ਤ ’ਤੇ ਲਾਸ਼ ਲਟਕਦੀ ਦੇਖੀ। ਇਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਪਿੰਡ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਧਾਲੀਵਾਲ ਨੂੰ ਦੇ ਦਿੱਤੀ। ਕੁਝ ਸਮੇਂ ਬਾਅਦ ਪੁਲਿਸ ਦੇ ਨਾਲ ਸਾਬਕਾ ਸਰਪੰਚ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਲਾਸ਼ ਨੂੰ ਉਤਾਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਧਾਰ ਭੇਜ ਦਿੱਤਾ। ਮੌਕੇ ’ਤੇ ਪਹੁੰਚੇ ਥਾਣਾ ਸੁਧਾਰ ਦੇ ਇੰਚਾਰਜ ਜਸਵੀਰ ਸਿੰਘ ਬੁੱਟਰ ਨੇ ਦੱਸਿਆ ਕਿ ਪੁਲਿਸ ਨੂੰ ਲਾਸ਼ ਦੇ ਨੇੜਿਓਂ ਇੱਕ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ ’ਚ ਮਰਨ ਤੋਂ ਪਹਿਲਾਂ ਇਸ ਕਿਸਾਨ ਨੇ ਲਿਖਿਆ ਕਿ ਉਹ ਲਖੀਮਪੁਰ ਖੀਰੀ ’ਚ ਕਿਸਾਨਾਂ ਨਾਲ ਹੋਈ ਘਟਨਾ ਬਰਦਾਸ਼ਤ ਨਹੀਂ ਕਰ ਸਕਿਆ। ਇਸ ਲਈ ਉਸ ਨੇ ਇਹ ਕਦਮ ਚੁੱਕਿਆ ਹੈ। ਕਿਸਾਨ ਨੇਤਾ ਸਤਵੰਤ ਸਿੰਘ ਤੇ ਸਰਵਜੀਤ ਸਿੰਘ ਨੇ ਮ੍ਰਿਤਕ ਕਿਸਾਨ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਪੁਲਿਸ ਨੇ ਫ਼ਿਲਹਾਲ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ।