ਮੇਰਠ : ਯੂਪੀ ਦੇ ਮੇਰਠ ਸ਼ਹਿਰ ਵਿੱਚ ਇੱਕ ਬਿਜਲੀ ਘਰ ਦੇ ਠੇਕੇਦਾਰ ਵੱਲੋਂ ਦੋ ਸਿੱਖ ਨੌਜਵਾਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀੇਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਕੇਸ ਪੁੱਟੇ ਗਏ ਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ। ਪੀੜਤਾਂ ਨੇ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ, ਜਿਸ ’ਤੇ ਥਾਣੇਦਾਰ ਮੋਹਸੀਨ ਖਾਨ ਨੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਦੋਸ਼ ਹੈ ਕਿ ਮੇਰਠ ਦੇ ਮਵਾਨਾ ਵਿੱਚ ਪੈਂਦੇ ਪਿੰਡ ਅਹਿਮਦਪੁਰੀ ਵਿੱਚ ਇੱਕ ਬਿਜਲੀ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਦਾ ਕੰਮ ਠੇਕੇਦਾਰ ਲਕਸ਼ ਸੋਨੀ ਤੇ ਉਸ ਦੇ ਸਾਥੀ ਦਵਿੰਦਰ ਤੇ ਰਾਹੁਲ ਤੋਮਰ ਕਰਵਾ ਰਹੇ ਹਨ।
ਦਿੱਲੀ ਦੇ ਮੋਹੱਲਾ ਕਲਿਆਣਪੁਰੀ ਦੇ ਵਾਸੀ ਵਿਕਰਮ ਸਿੰਘ ਤੇ ਮੁਕੇਸ਼ ਸਿੰਘ ਵੀ ਇੱਥੇ ਟਰੈਕਟਰ ਚਾਲਕ ਵਜੋਂ ਨੌਕਰੀ ਕਰ ਰਹੇ ਹਨ। ਦੋਸ਼ ਹੈ ਕਿ ਇਨ੍ਹਾਂ ਦੋਵਾਂ ਸਿੱਖ ਨੌਜਵਾਨਾਂ ਨੇ ਠੇਕੇਦਾਰ ਕੋਲੋਂ ਮਜ਼ਦੂਰੀ ਦੇ ਪੈਸੇ ਮੰਗੇ, ਪਰ ਠੇਕੇਦਾਰ ਨੇ ਪੈਸੇ ਦੇਣ ਦੀ ਬਜਾਏ ਉਨ੍ਹਾਂ ’ਤੇ 7 ਟਨ ਲੋਹਾ ਤੇ ਸਰੀਆ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ। ਜਦੋਂ ਉਹ ਘਰ ਜਾਣ ਲੱਗੇ ਤਾਂ ਉਨ੍ਹਾਂ ਨੂੰ ਬੰਧਕ ਬਣਾ ਲਿਆ ਤੇ ਉਨ੍ਹਾਂ ਦੇ ਕੇਸ ਵੀ ਪੁੱਟੇ। ਸੋਮਵਾਰ ਦੇਰ ਸ਼ਾਮ ਉਨ੍ਹਾਂ ਨੂੰ ਪੁਲਿਸ ਕੋਲ ਸੌਂਪ ਦਿੱਤਾ।
ਸੂਚਨਾ ਮਿਲਣ ’ਤੇ ਮੰਗਲਵਾਰ ਸਵੇਰੇ ਸਥਾਨਕ ਸਿੱਖ ਭਾਈਚਾਰੇ ਦੇ ਲੋਕ ਥਾਣੇ ਪਹੁੰਚੇ ਅਤੇ ਇਸੇ ਦੌਰਾਨ ਨਗਰ ਪੰਚਾਇਤ ਦੇ ਚੇਅਰਮੈਨ ਅਮਿਤ ਮੋਹਨ ਵੀ ਉੱਥੇ ਪਹੁੰਚ ਗਏ। ਜਿੱਥੇ ਉਨ੍ਹਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਨ ਤੇ ਠੇਕੇਦਾਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਸ ਮਗਰੋਂ ਪੁਲਿਸ ਨੇ ਦੋਵਾਂ ਸਿੱਖ ਨੌਜਵਾਨਾਂ ਨੂੰ ਛੱਡ ਦਿੱਤਾ। ਇਸ ਦੌਰਾਨ ਥਾਣੇਦਾਰ ਮੋਹਸੀਨ ਖਾਨ ਨੇ ਜਾਂਚ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ।।