ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਸ਼ਨੀਵਾਰ ਨੂੰ ਗਊ ਰੱਖਿਆ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ ਪੰਜ ਪੀਰ ਰੋਡ, ਹੰਬੜਾਂ ਵਿਖੇ ਸ਼੍ਰੀ ਦੰਡੀ ਸਵਾਮੀ ਗਊ ਲੋਕ ਧਾਮ ਭਾਗ -2 ਦਾ ਉਦਘਾਟਨ ਵੀ ਕੀਤਾ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਜਿਨ੍ਹਾਂ ਦੇ ਨਾਲ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਨ ਸਭਾ ਦੇ ਮੈਂਬਰ (ਵਿਧਾਇਕ) ਸੁਰਿੰਦਰ ਡਾਵਰ, ਸੰਜੇ ਤਲਵਾਰ, ਕੁਲਦੀਪ ਸਿੰਘ ਵੈਦ, ਮੁੱਖ ਸਕੱਤਰ ਪੰਜਾਬ ਅਨਿਰੁੱਧ ਤਿਵਾੜੀ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ, ਮੇਅਰ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਸਨ, ਨੇ ਕਿਹਾ ਕਿ ਗਊ ਸਾਡੇ ਸਾਰਿਆਂ ਲਈ ਪਵਿੱਤਰ ਹੈ ਅਤੇ ਭਾਰਤ ਦੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ।
ਉਨ੍ਹਾਂ ਕਿਹਾ ਕਿ ਲੋਕ ਗਊਆਂ ਦੀ ਪੂਜਾ ਕਰਦੇ ਹਨ ਅਤੇ ਸਮਾਜ ਸੁਧਾਰਕ ਵਿਨੋਬਾ ਭਾਵੇ ਵੱਲੋਂ ਗਊਆਂ ਦੀ ਰੱਖਿਆ ਲਈ ਇੱਕ ਅੰਦੋਲਨ ਵੀ ਚਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਗਊ ਰੱਖਿਆ ਜਾਗਰੂਕਤਾ ਮੁਹਿੰਮ ਸੂਬੇ ਦੇ ਹਰੇਕ ਜ਼ਿਲ੍ਹੇ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਗਊਸ਼ਾਲਾਵਾਂ ਵਿੱਚ ਗਊ ਗੋਦ ਲੈਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਉਨ੍ਹਾਂ ਗਊਆਂ ਦੀ ਰੱਖਿਆ ਲਈ ਵਧੇਰੇ ਗਊਸ਼ਾਲਾਵਾਂ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਗਊਆਂ ਲਈ ਸ਼ੈੱਡ ਵਿੱਚ ਬਿਜਲੀ, ਚਾਰਾ, ਪੀਣ ਵਾਲਾ ਪਾਣੀ ਅਤੇ ਪਸ਼ੂਆਂ ਲਈ ਮੈਡੀਕਲ ਟੀਮ ਦੀ ਸਹੂਲਤ ਉਪਲਬਧ ਹੋਣੀ ਚਾਹੀਦੀ ਹੈ। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਦੰਡੀ ਸਵਾਮੀ ਗਊ ਲੋਕ ਧਾਮ ਭਾਗ -2 ਦੇ ਉਦਘਾਟਨ ਲਈ ਪੰਜਾਬ ਦੇ ਰਾਜਪਾਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕਮਿਸ਼ਨ ਵੱਲੋਂ ਗਊ ਰੱਖਿਆ ਲਈ ਸਖ਼ਤ ਯਤਨ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਗਊ ਨੂੰ ਰਾਸ਼ਟਰੀ ਪਸ਼ੂ ਐਲਾਨਣ ਲਈ ਹਾਲ ਹੀ ਵਿੱਚ ਭਾਰਤ ਦੇ ਰਾਸ਼ਟਰਪਤੀ ਨੂੰ ਲਿਖਿਆ ਵੀ ਗਿਆ ਹੈ।
ਮਹੰਤ ਸੰਪੂਰਨ ਨੰਦ ਬ੍ਰਹਮਚਾਰੀ ਜੀ ਅਤੇ ਸਵਾਮੀ ਦੇਵਰਤ ਜੀ ਮਹਾਰਾਜ ਵੱਲੋਂ ਵੀ ਇਕੱਠ ਨੂੰ ਸੰਬੋਧਨ ਕੀਤਾ ਗਿਆ ਅਤੇ ਦੰਡੀ ਸਵਾਮੀ ਗਊ ਲੋਕ ਧਾਮ ਦੁਆਰਾ ਗਊ ਰੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਪਰੰਤ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨਾਲ ਗੋਵਿੰਦ ਗਊ ਧਾਮ ਦਾ ਦੌਰਾ ਵੀ ਕੀਤਾ । ਇਸ ਮੌਕੇ ਪ੍ਰਧਾਨ ਸ੍ਰੀ ਦੰਡੀ ਸਵਾਮੀ ਗਊਸ਼ਾਲਾ ਧਾਮ ਅਵਿਨਾਸ਼ ਗੁਪਤਾ, ਟਰੱਸਟੀ ਰਮੇਸ਼ ਚੰਦਰ ਗਰਗ, ਡਾ. ਦੀਪਕ ਘਈ ਅਤੇ ਹੋਰ ਵੀ ਮੌਜੂਦ ਸਨ ।