ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਲੋਂ ਕਾਂਗਰਸ ਛੱਡਣ ਤੋਂ ਬਾਅਦ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ। ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਫ਼ੈਸਲਾ ਪਾਰਟੀ ਵਿਧਾਇਕਾਂ ਦੇ ਕਹਿਣ ’ਤੇ ਲਿਆ ਗਿਆ ਸੀ। ਸੁਰਜੇਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਪੱਧਰ ’ਤੇ ਫ਼ੈਸਲਾ ਨਹੀਂ ਲਿਆ, ਪੰਜਾਬ ਦੇ 78 ਵਿਧਾਇਕਾਂ ਨੇ ਮੁੱਖ ਮੰਤਰੀ ਬਦਲਣ ਲਈ ਲਿਖਤੀ ਰੂਪ ਵਿਚ ਦਿਤਾ ਸੀ। ਸੁਰਜੇਵਾਲਾ ਨੇ ਕਿਹਾ ਜੇ ਮੁੱਖ ਮੰਤਰੀ ਨਹੀਂ ਬਦਲਦੇ ਤਾਂ ਕਿਹਾ ਜਾਂਦਾ ਕਿ ਕਾਂਗਰਸ ਇਕ ਤਾਨਾਸ਼ਾਹ ਹੈ, ਇਕ ਪਾਸੇ 78 ਵਿਧਾਇਕ ਹਨ ਅਤੇ ਇਕ ਪਾਸੇ ਸਿਰਫ਼ ਮੁੱਖ ਮੰਤਰੀ ਹਨ, ਇਸ ਲਈ ਪਾਰਟੀ ਨੂੰ ਇਹ ਫ਼ੈਸਲਾ ਲੈਣਾ ਪਿਆ।
ਸੁਰਜੇਵਾਲਾ ਸਨਿਚਰਵਾਰ ਨੂੰ ਕਾਂਗਰਸ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਹ ਜੀ-23 ਅਤੇ ਹਰਿਆਣਾ ਕਾਂਗਰਸ ਵਿਚ ਧੜੇਬੰਦੀ ਦੇ ਸਵਾਲਾਂ ਤੋਂ ਬਚਦੇ ਹੋਏ ਨਜ਼ਰ ਆਏ। ਸੁਰਜੇਵਾਲਾ ਨੇ ਕਿਹਾ, ਕਾਂਗਰਸ ਨੇ ਅਨੁਸੂਚਿਤ ਜਾਤੀ ਦੇ ਪੁੱਤਰ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਵਿਚ ਇਕ ਮਿਸਾਲ ਕਾਇਮ ਕੀਤੀ ਹੈ। ਭਾਜਪਾ 15 ਰਾਜਾਂ ਵਿਚ ਸੱਤਾ ’ਚ ਹੈ, ਇਸਨੇ ਇਕ ਵੀ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ ਹੈ? ਜਦੋਂ ਕਾਂਗਰਸ ਨੇ ਇਕ ਮਿਸਾਲ ਕਾਇਮ ਕੀਤੀ ਹੈ ਤਾਂ ਭਾਜਪਾ ਨੂੰ ਮੁਸ਼ਕਲ ਕਿਉਂ ਆ ਰਹੀ ਹੈ? ਜਦੋਂ ਭਾਜਪਾ ਨੇ ਤਿੰਨ ਰਾਜਾਂ ਵਿਚ 5 ਮੁੱਖ ਮੰਤਰੀ ਬਦਲੇ ਤਾਂ ਕਿਸੇ ਨੇ ਵੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਨਹੀਂ ਪੁਛਿਆ ਕਿ ਬਦਲਾਅ ਕਿਉਂ? ਇਥੋਂ ਤਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸੀਨੀਅਰ ਬੀਐਸ ਯੇਦੀਯੁਰੱਪਾ ਨੂੰ ਨਹੀਂ ਬਖ਼ਸ਼ਿਆ।
ਕੀ ਕਾਂਗਰਸ ਛੱਤੀਸਗੜ੍ਹ ਵਿਚ ਵੀ ਮੁੱਖ ਮੰਤਰੀ ਬਦਲਣ ਬਾਰੇ ਵਿਚਾਰ ਕਰ ਰਹੀ ਹੈ? ਇਸ ਸਵਾਲ ਦੇ ਜਵਾਬ ਵਿਚ, ਸੁਰਜੇਵਾਲਾ ਨੇ ਕਿਹਾ, ਉੱਥੋਂ ਦੇ ਵਿਧਾਇਕ ਆ ਕੇ ਸਾਨੂੰ ਮਿਲ ਸਕਦੇ ਹਨ। ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਹੁਣ ਤਕ ਨਾ ਤਾਂ ਮੁੱਖ ਮੰਤਰੀ ਬਦਲੇ ਗਏ ਹਨ ਅਤੇ ਨਾ ਹੀ ਕਿਸੇ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਹੈ। ਪ੍ਰੈੱਸ ਕਾਨਫ਼ਰੰਸ ਵਿਚ, ਸੁਰਜੇਵਾਲਾ ਨੇ ਸਬ-ਇੰਸਪੈਕਟਰ ਭਰਤੀ ਦੀਆਂ ਕਮੀਆਂ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੇਪਰ ਲੀਕ, ਹਾਸੋਹੀਣੇ ਸਵਾਲ ਪੁੱਛਣ, ਇਕੋ ਪ੍ਰੀਖਿਆ ਵਿਚ ਪ੍ਰਸ਼ਨ ਪੱਤਰਾਂ ਦੇ ਕਈ ਸੈੱਟ ਖੋਲ੍ਹਣ ਲਈ ਐਚਐਸਐਸਸੀ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ।