ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਆਗੂ ਬੇਸ਼ੱਕ ਉਹ ਸੀਨੀਅਰ ਹਨ ਜਾਂ ਜੂਨੀਅਰ ਆਪਸ ਵਿਚ ਹੀ ਉਲਝੇ ਪਏ ਹਨ ਤਾਂ ਪੰਜਾਬ ਦੀ ਜਨਤਾ ਵੀ ਇਨ੍ਹਾਂ ਦਾ ਤਮਾਸ਼ਾ ਵੇਖ ਰਹੀ ਹੈ। ਹੁਣ ਇਕ ਵਾਰ ਫਿਰ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਰਜੇਵਾਲ ਦੀ ਆਪਸੀ ਬਹਿਸ ਚਲ ਰਹੀ ਹੈ। ਦੋਹਾਂ ਵਲੋਂ ਇਕ ਦੂਜੇ ’ਤੇ ਇਲਜ਼ਾਮ ਲਾਏ ਜਾ ਰਹੇ ਹਨ। ਦਰਅਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਰਟੀ ਹਾਈਕਮਾਂਡ ਉੱਪਰ ਕੀਤੇ ਜਾ ਰਹੇ ਇੱਕ ਤੋਂ ਬਾਅਦ ਇੱਕ ਹਮਲਿਆਂ ਦਾ ਜਵਾਬ ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਦਿੱਤਾ। ਅਹੁਦਾ ਛੱਡਣ ਤੋਂ ਬਾਅਦ ਕੈਪਟਨ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਉਨ੍ਹਾਂ ਦਾ ਅਪਮਾਨ ਹੋਇਆ ਹੈ ਅਤੇ ਜਿਸ ਪਾਰਟੀ ਵਿੱਚ ਉਨ੍ਹਾਂ ਉੱਪਰ ਭਰੋਸਾ ਨਹੀਂ ਹੈ ਉਹ ਉਸ ਵਿੱਚ ਨਹੀਂ ਰਹਿਣਗੇ।
ਸੂਰਜੇਵਾਲਾ ਨੇ ਕਿਹਾ ਕਿ 78 ਵਿਧਾਇਕਾਂ ਨੇ ਕੈਪਟਨ ਨੂੰ ਹਟਾਉਣ ਦੀ ਮੰਗ ਕੀਤੀ ਸੀ। ਸੂਰਜੇਵਾਲਾ ਦੇ ਬਿਆਨ ਉੱਪਰ ਪ੍ਰਤੀਕਿਰਿਆ ਜਾਰੀ ਕਰਦਿਆਂ ਕੈਪਟਨ ਨੇ ਸੂਰਜੇਵਾਲਾ ਵੱਲੋਂ ਦਿੱਤੀ ਗਈ ਵਿਧਾਇਕਾਂ ਦੀ ਗਿਣਤੀ ਨੂੰ ਚੁਣੌਤੀ ਦਿੱਤੀ ਹੈ। ਕੈਪਟਨ ਨੇ ਕਿਹਾ ਹੈ ਕਿ ਦਿਲਚਸਪ ਗੱਲ ਹੈ ਕਿ ਇੱਕ ਦਿਨ ਪਹਿਲਾਂ, ਹਰੀਸ਼ ਰਾਵਤ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਸ ਮੁੱਦੇ ਤੇ 43 ਵਿਧਾਇਕਾਂ ਨੇ ਹਾਈ ਕਮਾਂਡ ਨੂੰ ਲਿਖਿਆ ਸੀ।
ਉਨ੍ਹਾਂ ਨੇ ਕਿਹਾ ਕਿ ਭਾਜਪਾ ਜੋ ਕਿ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਨੂੰ ਦਿੱਲੀ ਬੁਲਾਉਂਦੀ ਹੈ ਅਤੇ ਅਸਤੀਫ਼ਾ ਲਿਖਵਾ ਲੈਂਦੀ ਹੈ ਉਹ ਕਾਂਗਰਸ ਉੱਪਰ ਇਲਜ਼ਾਮ ਲਗਾਉਂਦੀ ਹੈ ਕਿ ਤੁਹਾਡੇ ਵਿੱਚ ਲੋਕਤੰਤਰ ਨਹੀਂ ਹੈ ਅਤੇ ਤੁਸੀਂ ਤਾਨਾਸ਼ਾਹ ਹੋ। ਉਨ੍ਹਾਂ ਕਿਹਾ ਕਿ ਜਦੋਂ ਕੋਈ ਮੁੱਖ ਮੰਤਰੀ ਆਪਣੇ ਸਾਰੇ ਵਿਧਾਇਕਾਂ ਦਾ ਭਰੋਸਾ ਗਵਾ ਦੇਵੇ ਤਾਂ ਉਨ੍ਹਾਂ ਨੂੰ ਆਪ ਵੀ ਨਹੀਂ ਰਹਿਣਾ ਚਾਹੀਦਾ। 79 ਵਿੱਚੋਂ 78 ਵਿਧਾਇਕਾਂ ਨੇ ਲਿਖ ਕੇ ਦਿੱਤਾ ਕਿ ਉਹ ਮੁੱਖ ਮੰਤਰੀ ਦਾ ਬਦਲਾਅ ਚਾਹੁੰਦੇ ਹਨ।
ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਜੇ ਅਸੀਂ ਮੁੱਖ ਮੰਤਰੀ ਨਾ ਬਦਲਦੇ ਤਾਂ ਤੁਸੀਂ ਇਹ ਇਲਜ਼ਾਮ ਲਗਾਉਂਦੇ ਕਿ ਤੁਸੀਂ ਡਿਕਟੇਟਰ ਹੋ 78 ਵਿਧਾਇਕ ਇੱਕ ਪਾਸੇ ਹਨ, ਇੱਕ ਇਕੱਲਾ ਮੁੱਖ ਮੰਤਰੀ ਇੱਕ ਪਾਸੇ ਹੈ ਤਾਂ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣਦੇ।
ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਬਾਰੇ ਉਹ ਬੋਲੇ ਕਿ ਪੰਜਾਬ ਵਿੱਚ ਪਹਿਲੀ ਵਾਰ ਇੱਕ ਦਲਿਤ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ, ਇੱਕ ਨੌਜਵਾਨ ਦਲਿਤ ਬੇਟੇ ਨੂੰ ਮੌਕਾ ਮਿਲਿਆ ਹੈ। ਇੱਕ ਨਵਾਂ ਇਤਿਹਾਸ ਰਚ ਕੇ ਅਸੀਂ ਦਿਖਾਇਆ ਹੈ। ਉਨ੍ਹਾਂ ਨੇ ਭਾਜਪਾ ਉੱਪਰ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਭਾਜਪਾ ਕੋਲ ਗਠਜੋੜ ਹਿੱਸੇਦਾਰ ਮਿਲਾ ਕੇ, ਜੇ ਮੈਨੂੰ ਸਹੀ ਖ਼ਿਆਲ ਹੈ ਤਾਂ 15 ਸੂਬੇ ਹਨ ਤੇ ਕਿਸੇ ਵਿੱਚ ਦਲਿਤ ਮੁੱਖ ਮੰਤਰੀ ਹੈ?
ਕੈਪਟਨ ਨੇ ਕਾਂਗਰਸ ਦੇ ਆਹਲਾ ਲੀਡਰਾਂ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਾਂਗਰਸੀ ਆਗੂਆਂ ਦੀ ਪੰਜਾਬ ਕਾਂਗਰਸ ਦੇ ਸੰਕਟ ਬਾਰੇ ਸਮਝ ਉੱਪਰ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਕੇ ਉਹ ਲੋਕ ’ਸੰਕਟ ਨੂੰ ਨਜਿੱਠ ਨਾ ਸਕਣ ਵਿੱਚ ਆਪਣੀ ਨਾਕਾਮੀ ਨੂੰ ਢਕਣਾ ਚਾਹੁੰਦੇ ਹਨ’। ਆਪਣੇ ਖ਼ਿਲਾਫ਼ ਹਾਈ ਕਮਾਂਡ ਨੂੰ ਲਿਖਣ ਵਾਲੇ ਵਿਧਾਇਕਾਂ ਦੀ ਰਣਦੀਪ ਸੂਰਜੇਵਾਲਾ ਅਤੇ ਹਰੀਸ਼ ਰਾਵਤ ਵੱਲੋਂ ਦੱਸੀ ਜਾ ਰਹੀ ਵੱਖੋ-ਵੱਖ ਗਿਣਤੀ ਨੂੰ ਉਨ੍ਹਾਂ ਨੇ ‘‘ਭੁੱਲਾਂ ਦੀ ਕਮੇਡੀ’’ ਕਰਾਰ ਦਿੱਤਾ।
ਕੈਪਟਨ ਨੇ ਕਿਹਾ ਹੈ ਕਿ ਦਿਲਚਸਪ ਗੱਲ ਹੈ ਕਿ ਇੱਕ ਦਿਨ ਪਹਿਲਾਂ, ਹਰੀਸ਼ ਰਾਵਤ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਇਸ ਮੁੱਦੇ ਤੇ 43 ਵਿਧਾਇਕਾਂ ਨੇ ਹਾਈ ਕਮਾਂਡ ਨੂੰ ਲਿਖਿਆ ਸੀ।
ਕੈਪਟਨ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਸਾਰੀ ਪਾਰਟੀ ਉੱਪਰ ਹੀ ਸਿੱਧੂ ਦੀਆਂ ਡਰਾਮੇਬਾਜ਼ੀਆਂ ਦਾ ਅਸਰ ਹੋ ਗਿਆ ਹੈ। ਅਗਲੀ ਵਾਰ ਉਹ ਦਾਅਵਾ ਕਰਨਗੇ ਕਿ 117 ਵਿਧਾਇਕਾਂ ਨੇ ਉਨ੍ਹਾਂ ਨੂੰ ਮੇਰੇ ਖ਼ਿਲਾਫ਼ ਲਿਖਿਆ ਸੀ!
ਹਰੀਸ਼ ਰਾਵਤ ਨੇ ਕਿਹਾ ਸੀ ਕਿ ਕੈਪਟਨ ਦੇ ਕਾਰਜਕਾਲ ਦੌਰਾਨ ਵੀ ਕੈਬਨਿਟ ਵਿੱਚ ਬੇਅਦਬੀ ਦੇ ਮਸਲੇ ਉੱਪਰ ਭਖਵੀਂ ਚਰਚਾ ਹੁੰਦੀ ਸੀ ਅਤੇ ਕਈ ਉੱਘੇ ਮੰਤਰੀ ਦਿੱਲੀ ਸ਼ਿਕਾਇਤ ਲੈ ਕੇ ਆਏ ਸਨ ਕਿ ਕੈਪਟਨ ਇਸ ਵਾਰ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕਣਗੇ। ਰਾਵਤ ਦਾ ਕਹਿਣਾ ਸੀ ਕਿ ਇਸ ਦੇ ਹੱਲ ਵਜੋਂ ਇੱਕ ਤਿੰਨ ਮੈਂਬਰੀ ਕਮੇਟੀ ਹਾਈ ਕਮਾਂਡ ਵੱਲੋਂ ਬਣਾਈ ਗਈ, ਜਿਸ ਨੇ ਪੰਜਾਬ ਦੇ 150 ਤੋਂ ਜ਼ਿਆਦਾ ਆਗੂਆਂ ਨੂੰ ਸੁਣਿਆ।
ਇਸ ਬੈਠਕ ਵਿੱਚ ਕਾਂਗਰਸ ਦੇ ਵਿਧਾਇਕਾਂ ਵਿੱਚੋਂ ਜ਼ਿਆਦਾਤਰ ਨੇ ਸਪਸ਼ਟਤਾ ਨਾਲ ਕੈਪਟਨ ਪ੍ਰਸ਼ਾਸਨ ਦੇ ਚੱਲਣ ਬਾਰੇ ਆਪਣੀ ਅਸੰਤੁਸ਼ਟੀ ਜਾਹਰ ਕੀਤੀ ਸੀ। ਰਾਵਤ ਨੇ ਇਲਜ਼ਾਮ ਲਾਇਆ ਸੀ ਕਿ ਲੰਮੀ ਚਰਚਾ ਤੋਂ ਬਾਅਦ ਕੈਪਟਨ 18 ਨੁਕਤਿਆਂ ਤੇ ਸਹਿਮਤ ਹੋਏ ਸਨ ਪਰ ਉਨ੍ਹਾਂ ਨੇ ਇੱਕ ਵੀ ਨੁਕਤਾ ਪੂਰਾ ਨਹੀਂ ਕੀਤਾ।
ਰਾਵਤ ਨੇ ਕਿਹਾ ਕਿ 43 ਵਿਧਾਇਕਾਂ ਨੇ ਕੈਪਟਨ ਦੇ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਅਤੇ ਸੋਨੀਆ ਗਾਂਧੀ ਨੇ ਕੈਪਟਨ ਕੋਲ ਇਸ ਸ਼ਿਕਾਇਤ ਦਾ ਜ਼ਿਕਰ ਵੀ ਕੀਤਾ ਸੀ।