ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਨੇ ਭਾਰਤ ਵਿੱਚ ਅਨੁਸੂਚਿਤ ਜਾਤੀ ਦੇ ਅਧਿਐਨ (ਪੀਐਮਐਸ-ਐਸਸੀ) ਨਾਲ ਸਬੰਧਤ ਵਿਦਿਆਰਥੀਆਂ ਨੂੰ ਸਾਲ 2021-22 ਲਈ ਪੋਸਟ ਮੈਟਿ੍ਰਕ ਸਕਾਲਰਸ਼ਿੱਪ ਸਕੀਮ ਤਹਿਤ ਸੋਧੀ ਕਾਰਜ ਸਾਰਨੀ (ਫਰੀਸ਼ਿਪ ਕਾਰਡ) ਜਾਰੀ ਕੀਤੀ ਹੈ।
ਇਸ ਸੰਬਧੀ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੋਧੇ ਹੋਏ ਕਾਰਜਕ੍ਰਮ ਅਨੁਸਾਰ, ਵਿਦਿਆਰਥੀਆਂ ਦੁਆਰਾ ਫਰੀਸ਼ਿਪ ਕਾਰਡ ਜਮਾਂ ਕਰਵਾਉਣ ਦੀ ਆਖਰੀ ਮਿਤੀ (ਫਰੈਸ਼ ਐਂਡ ਰੀਨੀਏਵਲ) 25 ਅਕਤੂਬਰ, 2021 ਹੈ ਜਦਕਿ ਤਹਿਸੀਲ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਧਿਕਾਰੀਆਂ ਵੱਲੋਂ ਆਨਲਾਈਨ ਫ੍ਰੀਸ਼ਿੱਪ ਕਾਰਡ ਆਨਲਾਈਨ ਜਾਰੀ ਕਰਨ ਅਤੇ ਤਸਦੀਕ ਕਰਨ ਦੀ ਆਖਰੀ ਮਿਤੀ 31 ਅਕਤੂਬਰ, 2021 ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਕਾਲਰਸ਼ਿਪ ਲੈਣ ਲਈ ਵਿਦਿਆਰਥੀਆਂ ਤੋਂ ਅਰਜੀਆਂ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਤਿੰਨ ਹਫਤਿਆਂ ਬਾਅਦ ਡਾ: ਅੰਬੇਡਕਰ ਪੋਰਟਲ ‘ਤੇ ਉਪਲਬਧ ਕਰਵਾ ਦਿੱਤੀ ਜਾਵੇਗੀ। ਇਸ ਲਈ ਵਿਦਿਆਰਥੀਆਂ ਅਤੇ ਸੰਸਥਾਵਾਂ ਦੋਵਾਂ ਨੂੰ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਕੋਰਸ ਦੀ ਮਨਜੂਰੀ ਅਤੇ ਫੀਸ ਸਬੰਧੀ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਇਲਾਵਾ ਮਿੱਥੇ ਸਮੇਂ ਦੇ ਅੰਦਰ-ਅੰਦਰ ਵਿਦਿਆਰਥੀ ਵਲੋਂ ਫ੍ਰੀਸ਼ਿਪ ਕਾਰਡ ਅਤੇ ਸੰਸਥਾਵਾਂ ਵਲੋਂ ਰਜਿਸਟ੍ਰੇਸ਼ਨ ਲਈ ਅਪਲਾਈ ਕੀਤਾ ਜਾਵੇ।