ਚੰਡੀਗੜ੍ਹ : ਸਿਆਸਤ ਬੜੀ ਭੈਣੀ ਸ਼ੈਅ ਹੈ ਇਸ ਦਾ ਅੰਦਾਜਾ ਇਸ ਗੱਲ ਤੋਂ ਲਾ ਸਕਦੇ ਹਾਂ ਕਿ ਹਾਲੇ ਕੁੱਝ ਦਿਨ ਪਹਿਲਾਂ ਹਰੀਸ਼ ਰਾਵਤ ਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਆਉਣ ’ਤੇ ਰੱਜਵਾਂ ਸਵਾਗਤ ਕਰਦੇ ਸਨ ਅਤੇ ਅੱਜ ਇਨ੍ਹਾਂ ਦੋਹਾਂ ਆਗੂਆਂ ਦੀ ਆਪਸ ਵਿਚ ਇਕ ਬਿਆਨ ਨੂੰ ਲੈ ਕੇ ਵਾਹਵਾ ਖੜਕ ਗਈ ਹੈ। ਦਰਅਸਲ ਹਰੀਸ਼ ਰਾਵਤ ਨੇ ਅੱਜ ਦੇਹਰਾਦੂਨ ਵਿੱਚ ਕਿਹਾ ਸੀ ਕਿ ਉਨ੍ਹਾਂ ਰਿਪੋਰਟਾਂ ਵਿੱਚ ਕੋਈ ਸੱਚਾਈ ਨਹੀਂ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਅਮਰਿੰਦਰ ਸਿੰਘ ਦਾ ਕਾਂਗਰਸ ਵਿੱਚ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਦੇ ਹਾਲੀਆ ਬਿਆਨ ਕਿਸੇ ਦਬਾਅ ਹੇਠ ਦਿੱਤੇ ਗਏ ਜਾਪਦੇ ਹਨ। ਉਨ੍ਹਾਂ ਨੂੰ ਦੁਬਾਰਾ ਸੋਚਣਾ ਚਾਹੀਦਾ ਹੈ ਅਤੇ ਸਿੱਧੇ ਜਾਂ ਅਸਿੱਧੇ ਤੌਰ ’ਤੇ ਭਾਜਪਾ ਦੀ ਮਦਦ ਨਹੀਂ ਕਰਨੀ ਚਾਹੀਦੀ।
ਰਾਵਤ ਦੇ ਇਸ ਬਿਆਨ ਵਿਰੁਧ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਸਾਰੀ ਦੁਨੀਆਂ ਨੇ ਮੈਨੂੰ ਅਪਮਾਨਿਤ ਹੁੰਦੇ ਵੇਖਿਆ ਤਾਂ ਵੀ ਰਾਵਤ ਅਜਿਹਾ ਦਾਅਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਹ ਅਪਮਾਨ ਨਹੀਂ ਸੀ ਤਾਂ ਫਿਰ ਕੀ ਸੀ? ਦੱਸ ਦੇਈਏ ਕਿ ਅਮਰਿੰਦਰ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਕਾਂਗਰਸ ਛੱਡ ਰਹੇ ਹਨ।
ਅਮਰਿੰਦਰ ਨੇ ਕਿਹਾ ਕਿ ਜੇ ਪਾਰਟੀ ਦਾ ਮੇਰਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ, ਤਾਂ ਨਵਜੋਤ ਸਿੰਘ ਸਿੱਧੂ ਨੂੰ ਮਹੀਨਿਆਂ ਤੋਂ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਮੰਚਾਂ ’ਤੇ ਖੁੱਲ੍ਹ ਕੇ ਮੇਰਾ ਅਪਮਾਨ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ। ਮੇਰੇ ਅਧਿਕਾਰ ਨੂੰ ਚੁਣੌਤੀ ਦੇਣ ਲਈ ਪਾਰਟੀ ਨੇ ਸਿੱਧੂ ਦੀ ਅਗਵਾਈ ਵਾਲੇ ਬਾਗੀਆਂ ਨੂੰ ਖੁੱਲ੍ਹਾ ਹੱਥ ਕਿਉਂ ਦਿੱਤਾ? ਅਮਰਿੰਦਰ ਨੇ ਕਿਹਾ ਕਿ ਪੂਰੀ ਦੁਨੀਆ ਨੇ ਮੈਨੂੰ ਅਪਮਾਨਿਤ ਅਤੇ ਬੇਇੱਜ਼ਤ ਹੁੰਦੇ ਵੇਖਿਆ ਹੈ ਅਤੇ ਇਸ ਤੋਂ ਬਾਅਦ ਵੀ ਰਾਵਤ ਅਜਿਹਾ ਬਿਆਨ ਦੇ ਰਹੇ ਹਨ। ਜੇ ਇਹ ਅਪਮਾਨ ਨਹੀਂ ਸੀ, ਤਾਂ ਫਿਰ ਕੀ ਸੀ?’
ਦੱਸ ਦਈਏ ਕਿ ਕਾਂਗਰਸ ਤੋਂ ਨਾਰਾਜ਼ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਖਬਰ ਹੈ ਕਿ ਅਗਲੇ 15 ਦਿਨਾਂ ਵਿੱਚ ਕਪਤਾਨ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨਾ ਹੋਵੇਗਾ। ਦੱਸਿਆ ਗਿਆ ਹੈ ਕਿ ਬਹੁਤ ਸਾਰੇ ਕਾਂਗਰਸੀ ਆਗੂ ਸਾਬਕਾ ਮੁੱਖ ਮੰਤਰੀ ਦੇ ਸੰਪਰਕ ਵਿੱਚ ਹਨ। ਇਸ ਤੋਂ ਪਹਿਲਾਂ ਉਹ ਰਾਜਧਾਨੀ ਦਿੱਲੀ ਪਹੁੰਚੇ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ।