Friday, November 22, 2024
 

ਰਾਸ਼ਟਰੀ

ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣਗੇ ?

October 01, 2021 05:18 PM

ਚੰਡੀਗੜ੍ਹ : ਪੰਜਾਬ ਵਿਚ ਕਾਂਗਰਸ ਕਲੇਸ਼ ਹਾਲ ਦੀ ਘੜੀ ਖ਼ਤਮ ਨਹੀਂ ਹੋਇਆ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕੋਈ ਵੱਡਾ ਧਮਾਕਾ ਛੇਤੀ ਹੀ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਗੱਲਬਾਤ ਕਰ ਕੇ ਆਏ ਹਨ। ਦਿੱਲੀ ਵਿਚ ਲੰਮੀ ਮੀਟਿੰਗ ਮਗਰੋਂ ਕੈਪਟਨ ਨੇ ਕਿਹਾ ਸੀ ਕਿ ਉਹ ਗ੍ਰਹਿ ਮੰਤਰੀ ਨਾਲ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਆਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਹੁਣ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹੇ ਜਾਣ ਕਿ ਉਹ ਨਾ ਭਾਜਪਾ ਵਿਚ ਜਾਣਗੇ ਅਤੇ ਨਾ ਹੀ ਕਾਂਗਰਸ ਵਿਚ ਰਹਿਣਗੇ। ਇਥੋਂ ਤੱਕ ਕਿ ਉਨ੍ਹਾਂ ਨੇ ਬੀਤੀ ਦੇਰ ਰਾਤ ਆਪਣੇ ਟਵਿੱਟਰ ਅਕਾਊਂਟ ਤੋਂ ਕਾਂਗਰਸ ਸ਼ਬਦ ਹਟਾ ਦਿੱਤਾ ਹੈ।
ਹੁਣ ਚਰਚਾਵਾਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ਨਵੀਂ ਪਾਰਟੀ ਦਾ ਐਲਾਨ ਕਰਨਗੇ, ਜੋ ਕਿ ਇਹ ਐਲਾਨ ਅਗਲੇ ਆਉਣ ਵਾਲੇ 15 ਦਿਨਾਂ ਦੇ ਅੰਦਰ ਹੋ ਸਕਦਾ ਹੈ। ਇਹ ਵੀ ਖ਼ਬਰ ਹੈ ਕਿ ਕੈਪਟਨ ਦੀ ਸਭ ਤੋਂ ਵੱਡੀ ਤੇ ਪਹਿਲੀਕਦਮੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੋਵੇਗਾ। ਅਮਿਤ ਸ਼ਾਹ ਨਾਲ ਕੈਪਟਨ ਦੀ ਮੁਲਾਕਾਤ ਵੀ ਇਸ ਪਾਸੇ ਵੱਲ ਵੇਖੀ ਜਾ ਰਹੀ ਹੈ।
ਸੂਤਰਾਂ ਅਨੁਸਾਰ, ਕਰੀਬ ਇੱਕ ਦਰਜਨ ਕਾਂਗਰਸੀ ਆਗੂ ਕੈਪਟਨ ਦੇ ਸੰਪਰਕ ਵਿਚ ਹਨ। ਫਿਲਹਾਲ, ਕੈਪਟਨ ਆਪਣੇ ਸਮਰਥਕਾਂ ਨਾਲ ਅਗਲੇ ਕਦਮ ਬਾਰੇ ਚਰਚਾ ਕਰ ਰਿਹਾ ਹੈ। ਅਜਿਹੀਆਂ ਅਟਕਲਾਂ ਹਨ ਕਿ ਉਹ ਪੰਜਾਬ ਦੇ ਕੁਝ ਕਿਸਾਨ ਆਗੂਆਂ ਨੂੰ ਵੀ ਮਿਲ ਸਕਦੇ ਹਨ। ਬੁੱਧਵਾਰ ਨੂੰ ਅਮਰਿੰਦਰ ਸਿੰਘ ਅਤੇ ਗ੍ਰਹਿ ਮੰਤਰੀ ਸ਼ਾਹ ਦਰਮਿਆਨ ਹੋਈ ਮੁਲਾਕਾਤ ਤੋਂ ਬਾਅਦ ਇਹ ਕਿਆਸ ਤੇਜ਼ ਹੋ ਗਏ ਸਨ ਕਿ ਸਾਬਕਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ।
ਹਾਲਾਂਕਿ ਖੁਦ ਅਮਰਿੰਦਰ ਸਿੰਘ ਨੇ ਇਸ ਤੋਂ ਇਨਕਾਰ ਕੀਤਾ ਸੀ। ਰਿਪੋਰਟ ਅਨੁਸਾਰ, ਕੈਪਟਨ ਦੇ ਇੱਕ ਕਰੀਬੀ ਸਹਿਯੋਗੀ ਨੇ ਕਿਹਾ ਕਿ ਭਾਜਪਾ ਦਾ ਪੰਜਾਬ ਵਿਚ ਮਜ਼ਬੂਤ ਆਧਾਰ ਨਹੀਂ ਹੈ। ਅਮਰਿੰਦਰ ਪਾਰਟੀ ਬਣਾਉਣ ਦੇ ਰਾਹ ’ਤੇ ਹਨ ਅਤੇ ਪੰਜਾਬ ਕਾਂਗਰਸ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕੁਝ ਨੇਤਾਵਾਂ ਦੇ ਉਨ੍ਹਾਂ ਨਾਲ ਸ਼ਾਮਲ ਹੋਣ ਦੀ ਉਮੀਦ ਹੈ। ਜੇ ਨਵੀਂ ਪਾਰਟੀ 40 ਸੀਟਾਂ ਵੀ ਜਿੱਤ ਲੈਂਦੀ ਹੈ, ਤਾਂ ਸਿਆਸੀ ਸਮੀਕਰਨ ਬਦਲ ਜਾਣਗੇ। ਰਾਸ਼ਟਰਪਤੀ ਰਾਜ ਦਾ ਕਾਰਨ ਬਣ ਸਕਦਾ ਹੈ।

 

Have something to say? Post your comment

 
 
 
 
 
Subscribe