ਕਾਂਗਰਸ ਦਾ ਜ਼ਿਆਦਾ ਦੇਰ ਨਹੀਂ ਦੇ ਸਕਦਾ ਸਾਥ
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ’ਤੇ ਰੋਕ ਲਗਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਭਾਜਪਾ ਦਾ ਪੱਲਾ ਨਹੀਂ ਫੜਨਗੇ, ਪਰ ਕਾਂਗਰਸ ਜਲਦ ਹੀ ਛੱਡ ਦੇਣਗੇ। ਇੱਕ ਨਿਊਜ਼ ਚੈਨਲ ਨਾਲ ਇੰਟਰਵਿਊ ਦੌਰਾਨ ਇਹ ਸਪੱਸ਼ਟ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਅਪਮਾਨ ਸਹਿਣ ਨਹੀਂ ਹੋ ਰਿਹਾ ਹੈ। ਇਸ ਲਈ ਉਹ ਜਲਦ ਹੀ ਵੱਡਾ ਕਦਮ ਚੁੱਕਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦਾ ਪਤਨ ਹੋ ਰਿਹਾ ਹੈ ਅਤੇ ਨਵਜੋਤ ਸਿੱਧੂ ਬੱਚਿਆਂ ਵਾਲੀਆਂ ਹਰਕਤ ਕਰ ਰਹੇ ਹਨ। ਜੇ ਇਸੇ ਤਰ੍ਹਾਂ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਕਾਂਗਰਸ ਦਾ ਆਧਾਰ ਬਿਲਕੁਲ ਜ਼ੀਰੋ ਹੋ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ 52 ਸਾਲ ਤੋਂ ਸਿਆਸਤ ਵਿੱਚ ਹਨ, ਜਿਸ ਤਰ੍ਹਾਂ ਉਨ੍ਹਾਂ ਨਾਲ ਵਿਹਾਰ ਹੋਇਆ, ਉਹ ਬਿਲਕੁਲ ਗ਼ਲਤ ਹੈ। ਸਵੇਰੇ ਸਾਢੇ 10 ਵਜੇ ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਕੋਲੋਂ ਅਸਤੀਫ਼ਾ ਮੰਗ ਲਿਆ ਤੇ ਉਨ੍ਹਾਂ ਨੇ ਬਿਨਾਂ ਕੋਈ ਸਵਾਲ ਪੁੱਛੇ ਸ਼ਾਮ 4 ਵਜੇ ਰਾਜਪਾਲ ਨੁੰ ਆਪਣਾ ਅਸਤੀਫ਼ਾ ਸੌਂਪ ਦਿੱਤਾ।
ਕੈਪਟਨ ਨੇ ਕਿਹਾ ਕਿ ਜੇਕਰ ਪਾਰਟੀ ਹਾਈਕਮਾਨ ਨੂੰ 50 ਸਾਲ ਬਾਅਦ ਵੀ ਉਨ੍ਹਾਂ ’ਤੇ ਭਰੋਸਾ ਨਹੀਂ ਹੈ ਤਾਂ ਉਨ੍ਹਾਂ ਦਾ ਪਾਰਟੀ ’ਚ ਰਹਿਣ ਦਾ ਕੋਈ ਮਤਲਬ ਨਹੀਂ ਬਣਦਾ। ਇਸ ਲਈ ਉਹ ਪਾਰਟੀ ਦਾ ਸਾਥ ਜ਼ਿਆਦਾ ਦੇਰ ਤੱਕ ਨਹੀਂ ਨਿਭਾਅ ਸਕਣਗੇ। ਨਵਜੋਤ ਸਿੱਧੂ ’ਤੇ ਨਿਸ਼ਾਨਾ ਸਾਧਦੇ ਹੋਏ ਕੈਪਟਨ ਨੇ ਕਿਹਾ ਕਿ ਉਹ ਇੱਕ ਸਥਿਰ ਵਿਅਕਤੀ ਤੇ ਟੀਮ ਖਿਡਾਰੀ ਨਹੀਂ ਹੈ। ਉਹ ਇਕੱਲਾ ਹੈ। ਉਹ ਪੰਜਾਬ ਕਾਂਗਰਸ ਨੂੰ ਸੰਭਾਲਣ ਦੇ ਸਮਰੱਥ ਨਹੀਂ ਹੈ।
ਸਿੱਧੂ ਨੂੰ ‘ਬਚਕਾਨਾ’ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਸ ਨੂੰ ਸੀਨ ਕ੍ਰਿਏਟ ਕਰ ਸਕਦਾ ਹੈ, ਕਿਉਂਕਿ ਉਸ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਇਹ ਸਭ ਕੁਝ ਕੀਤਾ ਹੋਇਆ ਹੈ ਤੇ ਉਹ ਭੀੜ ਇਕੱਠੀ ਕਰ ਸਕਦਾ ਹੈ, ਪਰ ਉਹ ਇੱਕ ਗੰਭੀਰ ਵਿਅਕਤੀ ਨਹੀਂ ਹੈ। ਇੱਕ ਗ਼ੈਰ-ਗੰਭੀਰ ਵਿਅਕਤੀ ਪਾਰਟੀ ਤੇ ਸੂਬਾ ਸਰਕਾਰ ਦੇ ਸੰਚਾਲਨ ਵਿੱਚ ਗੰਭੀਰ ਨਹੀਂ ਹੋ ਸਕਦਾ। ਉਹ ਪਾਰਟੀ ਤੇ ਸੂਬੇ ਲਈ ਵੱਡੇ ਫ਼ੈਸਲੇ ਨਹੀਂ ਲੈ ਸਕਦਾ। ਉਹ ਸਿਰਫ਼ ਨਾਟਕ ਕਰ ਸਕਦਾ ਹੈ।