ਨਵੀਂ ਦਿੱਲੀ : ਅੱਜ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਅਸਤੀਫ਼ਾ ਹਲੇ ਤਕ ਸਾਫ਼ ਨਹੀਂ ਹੋਇਆ ਕਿ ਕਿਉਂ ਦਿਤਾ ਗਿਆ ਹੈ। ਇਸ ਸਿੱਧੂ ਦੇ ਅਸਤੀਫ਼ੇ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਕਿਹਾ ਸੀ ਕਿ ਨਵਜੋਤ ਸਿੱਧੂ ਸਥਿਰ ਵਿਅਕਤੀ ਨਹੀਂ ਹਨ ਅਤੇ ਸਰਹੱਦੀ ਸੂਬੇ ਪੰਜਾਬ ਲਈ ਚੰਗੇ ਨਹੀਂ ਹਨ। ਪੰਜਾਬ ਕਾਂਗਰਸ ਦੇ ਕਲੇਸ਼ ਕਾਰਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਜੇਕਰ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਬਣਦੇ ਹਨ ਤਾਂ ਇਹ ਦੇਸ਼ ਲਈ ਖ਼ਤਰਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਿੱਧੂ ਦੇ ਵਿਰੁਧ ਉਮੀਦਵਾਰ ਖੜਾ ਕਰਨਗੇ।
ਇਥੇ ਦਸ ਦਈਏ ਕਿ ਸਿੱਧੂ ਨੇ 18 ਜੁਲਾਈ ਨੂੰ ਹੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਸੀ। ਸਿੱਧੂ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ’ਚ ਕਿਹਾ ਹੈ ਕਿ ਮੈਂ ਪੰਜਾਬ ਦੇ ਭਵਿੱਖ ਨਾਲ ਸਮਝੌਤਾ ਨਹੀਂ ਕਰ ਸਕਦਾ। ਸਿੱਧੂ ਦੇ ਅਸਤੀਫ਼ੇ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫੇਰ ਹਲਚੱਲ ਪੈਦਾ ਹੋ ਗਈ ਹੈ।
ਇਥੇ ਇਹ ਵੀ ਦਸ ਦਈਏ ਕਿ ਹਾਲਾਂਕਿ ਸਿੱਧੂ ਨੇ ਕਿਹਾ ਹੈ ਕਿ ਉਹ ਕਾਂਗਰਸ ਵਿੱਚ ਹੀ ਰਹਿਣਗੇ। ਸਿੱਧੂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਮੈਂਬਰ ਬਣੇ ਰਹਿਣਗੇ। ਅੱਜ ਪੰਜਾਬ ਦੇ ਨਵੇਂ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਹੋ ਗਈ ਹੈ। ਕੁਝ ਘੰਟਿਆਂ ਬਾਅਦ, ਸਿੱਧੂ ਨੇ ਆਪਣਾ ਅਸਤੀਫਾ ਸੋਨੀਆ ਗਾਂਧੀ ਨੂੰ ਭੇਜ ਦਿਤਾ। ਇਸ ਦੇ ਪਿੱਛੇ ਕੁਝ ਮਹੱਤਵਪੂਰਨ ਕਾਰਨ ਹਨ।