ਨਿਊਯਾਰਕ ਪੁਲਿਸ ਨੇ ਲਾਵਾਰਸ ਮ੍ਰਿਤਕ ਜੁੜਵਾਂ ਬੱਚਿਆਂ ਨੂੰ ਦਫ਼ਨਾਇਆ
ਨਿਊਯਾਰਕ : ਦੋ ਨਵਜੰਮੇ ਜੁੜਵਾਂ ਬੱਚਿਆਂ ਦੇ ਕਾਤਲਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਨਿਊਯਾਰਕ ਸਿਟੀ ਪੁਲਿਸ ਨੇ ਹੁਣ ਬੱਚਿਆਂ ਦਾ ਅੰਤਮ ਸਸਕਾਰ ਕਰ ਦਿਤਾ ਹੈ। ਦੋਵਾਂ ਬੱਚਿਆਂ ਦੀ ਕਰੀਬ ਇਕ ਸਾਲ ਪਹਿਲਾਂ ਹਤਿਆ ਕਰ ਦਿਤੀ ਗਈ ਸੀ। ਬ੍ਰੌਂਕਸ ਦੀ ਇਕ ਅਪਾਰਟਮੈਂਟ ਬਿਲਡਿੰਗ ਦੇ ਸੁਪਰਡੈਂਟ ਨੂੰ 9 ਨਵੰਬਰ, 2020 ਨੂੰ ਬਿਲਡਿੰਗ ਦੇ ਪਿਛਲੇ ਪਾਸੇ ਦੋ ਮਰੇ ਹੋਏ ਬੱਚੇ ਮਿਲੇ ਸਨ। ਮੈਡੀਕਲ ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ’ਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਸੀ।
ਪੁਲਿਸ ਨੇ ਬੱਚਿਆਂ ਦੇ ਨਾਂ ਜੇਕੇ ਅਤੇ ਜੇਨ ਰੱਖੇ ਸਨ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਹੁਣ ਚਿੱਟੇ ਤਾਬੂਤ ਵਿਚ ਰਖਿਆ ਗਿਆ ਅਤੇ ਇਸ ’ਤੇ ਚਿੱਟੇ ਫੁੱਲ ਰੱਖੇ ਗਏ ਅਤੇ 4 ਅਧਿਕਾਰੀਆਂ ਨੇ ਤਾਬੂਤ ਨੂੰ ਮੋਢਾ ਦਿਤਾ। ਉਨ੍ਹਾਂ ਦੇ ਸਸਕਾਰ ਤੋਂ ਪਹਿਲਾਂ ਸਲਾਮੀ ਦਿਤੀ ਗਈ। ਹਤਿਆ ਦੀ ਜਾਂਚ ਕਰ ਰਹੇ ਬ੍ਰੌਂਕਸ ਯੂਨਿਟ ਦੇ ਕਮਾਂਡਿੰਗ ਅਫ਼ਸਰ ਵਿਲੀਅਮ ਓ ਟੂਲੇ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਕੇਸ ਪਹਿਲਾਂ ਕਦੇ ਨਹੀਂ ਵੇਖਿਆ। ਉਹ ਦੋਵੇਂ ਨਵਜੰਮੇ ਬੱਚੇ ਸਨ, ਜੋ ਪੂਰੀ ਤਰ੍ਹਾਂ ਵਿਕਸਤ ਹੋ ਗਏ ਸਨ। ਉਨ੍ਹਾਂ ਨੂੰ ਕੂੜੇ ਦੇ ਬੈਗ ’ਚ ਰੱਖ ਕੇ ਚੂਹਿਆਂ ਨਾਲ ਭਰੀ ਜਗ੍ਹਾ ’ਤੇ ਘਰ ਦੇ ਪਿਛਲੇ ਪਾਸੇ ਸੁੱਟ ਦਿਤਾ ਗਿਆ। ਇਨ੍ਹਾਂ ਛੋਟੇ ਬੱਚਿਆਂ ਨੂੰ ਕਈ ਫ੍ਰੈਕਚਰ ਸਨ।