ਨਵੀਂ ਦਿੱਲੀ : ਭਾਰਤ ਬੰਦ ਲਈ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ। ਕਾਲੇ ਖੇਤੀ ਕਾਨੂੰਨਾਂ ਵਿਰੁਧ ਅੱਜ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿਤਾ ਸੀ ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਦੌਰਾਨ ਦਿੱਲੀ, ਯੂਪੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਪੁਲਿਸ ਅਲਰਟ ’ਤੇ ਹੈ। ਦਰਜਨ ਤੋਂ ਵੱਧ ਸਿਆਸੀ ਪਾਰਟੀਆਂ, ਸੰਗਠਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ ਹੈ। ਭਾਰਤ ਬੰਦ ਦੌਰਾਨ ਕਿਸਾਨਾਂ ਨੇ ਮੁੱਖ ਤੌਰ 'ਤੇ ਦਿੱਲੀ, ਯੂਪੀ ਅਤੇ ਹਰਿਆਣਾ ਵਿਚ ਆਪਣੇ ਪ੍ਰਦਰਸ਼ਨ ਤੇਜ਼ ਕਰ ਦਿੱਤੇ ਹਨ। ਕਿਸਾਨਾਂ ਨੇ ਦਿੱਲੀ ਵਿਚ ਗਾਜ਼ੀਪੁਰ ਸਰਹੱਦ, ਸਿੰਘੂ ਸਰਹੱਦ ਨੂੰ ਠੱਪ ਕਰ ਦਿੱਤਾ ਹੈ। ਜਦਕਿ ਦਿੱਲੀ-ਅੰਮ੍ਰਿਤਸਰ, ਦਿੱਲੀ-ਅੰਬਾਲਾ ਸਮੇਤ ਕਈ ਹੋਰ ਸੜਕਾਂ ਵੀ ਕਿਸਾਨਾਂ ਨੇ ਬੰਦ ਕਰ ਦਿੱਤੀਆਂ ਹਨ। ਪੰਜਾਬ ਸਣੇ ਦੇਸ਼ ਵਿਚ ਅੰਜ ਬੰਦ ਦਾ ਅਸਰ ਪੂਰੀ ਤਰ੍ਹਾਂ ਦਿਖ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ‘ਭਾਰਤ ਬੰਦ’ ਦੌਰਾਨ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀ ਹਮਾਇਤ ’ਚ ਬੰਦ ਨੂੰ ਪੂਰਨ ਸਹਿਯੋਗ ਦੇਣ। ਕਿਸਾਨ ਆਗੂਆਂ ਨੇ ਕਿਹਾ ਕਿ ਭਲਕੇ ਸਾਰੇ ਦਫ਼ਤਰ, ਬਾਜ਼ਾਰ, ਦੁਕਾਨਾਂ ਤੇ ਸਨਅਤਾਂ ਨੂੰ ਬੰਦ ਰੱਖਿਆ ਜਾਵੇ। ਇਸ ਤੋਂ ਇਲਾਵਾ ਸਕੂਲ, ਕਾਲਜ, ਯੂਨੀਵਰਸਿਟੀਆਂ ਤੇ ਸਿੱਖਿਆ ਕੇਂਦਰਾਂ ਨੂੰ ਵੀ ਬੰਦ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਤੇ ਸਮਾਜਿਕ ਸਮਾਗਮਾਂ ਨੂੰ ਵੀ ਨਹੀਂ ਹੋਣ ਦਿੱਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ‘ਭਾਰਤ ਬੰਦ’ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਜਾਵੇਗਾ। ਹਸਪਤਾਲ, ਦਵਾਈਆਂ ਦੀਆਂ ਦੁਕਾਨਾਂ, ਐਂਬੂਲੈਂਸ ਤੇ ਹੋਰ ਸਿਹਤ ਸਹੂਲਤਾਂ ਜਾਰੀ ਰਹਿਣਗੀਆਂ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ, ਸਸਕਾਰ, ਬਿਮਾਰੀ ਤੇ ਵਿਆਹ-ਸ਼ਾਦੀ ਦੇ ਸਮਾਗਮ ਕੀਤੇ ਜਾ ਸਕਣਗੇ। ਮੋਰਚੇ ਦੇ ਆਗੂਆਂ ਨੇ ਕਿਸਾਨਾਂ ਨੂੰ ਵੀ ‘ਭਾਰਤ ਬੰਦ’ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
👉 ਕਿਸਾਨਾਂ ਦੀ ਮੰਗ ਜਾਇਜ਼, ਮੈਂ ਉਨ੍ਹਾਂ ਨਾਲ ਖੜ੍ਹਾ ਹਾਂ : ਮੁੱਖ ਮੰਤਰੀ ਚੰਨੀ
👉 ਭਾਰਤ ਬੰਦ ਦਾ ਅਸਰ : ਦਿੱਲੀ-ਜੰਮੂ ਰੇਲ ਮਾਰਗ ਠੱਪ
ਝਾਰਖੰਡ ਮੁਕਤੀ ਮੋਰਚਾ, ਕਾਂਗਰਸ, ਆਰਜੇਡੀ ਤਾਮਿਲਨਾਡੂ ਵਿੱਚ ਸੱਤਾਧਾਰੀ ਡੀਐਮਕੇ, ਸੀਪੀਐਮ, ਸੀਪੀਆਈ, ਫਾਰਵਰਡ ਬਲਾਕ, ਸਮਾਜਵਾਦੀ ਪਾਰਟੀ, ਸੀਪੀਆਈ-ਐਮਐਲ (ਲਿਬ), ਸੀਪੀਆਈ-ਐਮਐਲ (ਐਨਡੀ), ਐਸਯੂਸੀਆਈ (ਸੀ), ਐਮਸੀਪੀਆਈ, ਐਮਸੀਪੀਆਈ (ਯੂ), ਆਰਐਮਪੀਆਈ ਤੋਂ ਇਲਾਵਾ ‘ਆਪ’, ਟੀਡੀਪੀ, ਜੇਡੀ (ਐਸ), ਬਸਪਾ, ਐਨਸੀਪੀ, ਅਕਾਲੀ ਦਲ (ਯੂਨਾਈਟਿਡ), ਵਾਈਐਸਆਰਸੀਪੀ, ਸਵਰਾਜ ਇੰਡੀਆ, ਆਲ ਇੰਡੀਆ ਵਕੀਲ ਯੂਨੀਅਨ ਦੀਆਂ ਕਈ ਬਾਰ ਐਸੋਸੀਏਸ਼ਨਾਂ ਤੇ ਸਥਾਨਕ ਇਕਾਈਆਂ ਤੇ ਹੋਰਾਂ ਨੇ ਭਾਰਤ ਬੰਦ ਨੂੰ ਆਪਣਾ ਸਮਰਥਨ ਦਿੱਤਾ ਹੈ। ਆਂਧਰਾ ਪ੍ਰਦੇਸ਼ ਸਰਕਾਰ ਨੇ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਹੈ ਕਿ ਰਾਜ ’ਚ ਬੱਸਾਂ ਲੰਘੀ ਰਾਤ ਤੋਂ ਹੀ ਬੰਦ ਹਨ।