ਔਟਵਾ : ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਕੋਵਿਡ-19 ਪ੍ਰੋਟੋਕਾਲ ਦੇ ਮੱਦੇਨਜ਼ਰ ਇਹ ਪਾਬੰਦੀ ਲਾਈ ਗਈ ਸੀ। 5 ਮਹੀਨੇ ਤੋਂ ਜ਼ਿਆਦੇ ਸਮੇਂ ਤੋਂ ਬਾਅਦ ਇਹ ਪਾਬੰਦੀ ਹਟਾਈ ਗਈ। ਭਾਰਤ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇਹ ਪਾਬੰਦੀ ਲਾਈ ਗਈ ਸੀ। ਹੁਣ ਸੋਮਵਾਰ ਤੋਂ ਇਕ ਵਾਰ ਫਿਰ ਹਵਾਈ ਸੇਵਾ ਸ਼ੁਰੂ ਹੋ ਜਾਵੇਗੀ। ਭਾਰਤ ਤੋਂ ਕੈਨੇਡਾ ਲਈ ਸਿੱਧੀ ਉਡਾਣ ’ਤੇ ਪਾਬੰਦੀ 21 ਸਤੰਬਰ ਨੂੰ ਸਮਾਪਤ ਹੋ ਗਈ ਸੀ ਪਰ ਇਸ ਪਾਬੰਦੀ ਨੂੰ ਟਰਾਂਸਪੋਰਟ ਕੈਨੇਡਾ ਦੁਆਰਾ 26 ਸਤੰਬਰ ਤਕ ਲਈ ਵਧਾ ਦਿੱਤਾ ਗਿਆ ਸੀ। ਇਹ ਪਾਬੰਦੀ ਸਾਰੀਆਂ ਸਿੱਧੀਆਂ ਵਾਪਰਕ ਅਤੇ ਪ੍ਰਾਈਵੇਟ ਯਾਤਰੀ ਉਡਾਣਾਂ ’ਤੇ ਵਧਾਈ ਗਈ ਸੀ ਪਰ ਹੁਣ ਪਾਬੰਦੀ ਸਮਾਪਤ ਹੋਣ ਦੇ ਨਾਲ ਭਾਰਤ ਦੇ ਯਾਤਰੀ ਹੁਣ ਕੈਨੇਡਾ ਦੀ ਯਾਤਰਾ ਕਰ ਸਕਦੇ ਹਨ। ਪਰ ਇਸ ਵਿਚ ਕੋਵਿਡ ਦੀ ਨੈਗੇਟਿਵ ਰਿਪੋਰਟ ਹੋਣਾ ਤੈ ਵੈਕਸੀਨ ਲੱਗੀ ਹੋਣਾ ਸ਼ਾਮਲ ਹੈ। ਅਧਿਕਾਰੀਆਂ ਮੁਤਾਬਿਕ ਏਅਰ ਕੈਨੇਡਾ ਵੱਲੋਂ 27 ਸਤੰਬਰ ਸੋਮਵਾਰ ਨੂੰ ਭਾਰਤ ਤੋਂ ਆਪਣੀਆਂ ਉਡਾਣਾਂ ਸ਼ੁਰੂ ਕਰਨ ਦੀ ਉਮੀਦ ਹੈ ਜਦੋਂਕਿ ਏਅਰ ਇੰਡੀਆ 30 ਸਤੰਬਰ ਤੋਂ ਕੈਨੇਡਾ ਲਈ ਆਪਣੀਆਂ ਉਡਾਣਾਂ ਮੁੜ ਤੋਂ ਸ਼ੁਰੂ ਕਰੇਗੀ।