ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਟਲੀ ਜਾਣ ਦੀ ਇਜਾਜ਼ਤ ਨਹੀਂ ਮਿਲੀ ਹੈ। ਸੀਐਮ ਮਮਤਾ ਇਸ ਸਾਲ ਅਕਤੂਬਰ ਵਿੱਚ ਵੈਟੀਕਨ ਵਿੱਚ ਹੋਣ ਵਾਲੀ ਵਿਸ਼ਵ ਸ਼ਾਂਤੀ ਕਾਨਫਰੰਸ ਵਿੱਚ ਸ਼ਾਮਲ ਹੋਣ ਜਾ ਰਹੀ ਸੀ। ਪ੍ਰੋਗਰਾਮ ਮਦਰ ਟੈਰੇਸਾ 'ਤੇ ਕੇਂਦਰਤ ਹੋਵੇਗਾ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਬੈਨਰਜੀ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ, 'ਰਾਜਨੀਤਕ ਕੋਣ' ਨੂੰ ਧਿਆਨ ਵਿੱਚ ਰੱਖਦੇ ਹੋਏ, ਮਮਤਾ ਨੂੰ ਇਟਲੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਦਰਅਸਲ, ਕਿਸੇ ਰਾਜ ਦੇ ਮੁੱਖ ਮੰਤਰੀ ਦੀ ਭਾਗੀਦਾਰੀ ਲਈ ਇਸ ਸਮਾਗਮ ਦਾ ਪੱਧਰ ਸਹੀ ਨਹੀਂ ਮੰਨਿਆ ਜਾਂਦਾ। ਸੰਮੇਲਨ ਵਿੱਚ ਜਰਮਨ ਚਾਂਸਲਰ ਐਂਜੇਲਾ ਮਾਰਕੇਲ, ਪੋਪ ਫ੍ਰਾਂਸਿਸ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡਰੈਗੀ ਸ਼ਾਮਲ ਹੋਣਗੇ।
ਦੱਸਣਯੋਗ ਹੈ ਕਿ ਕਮਿਊਨਿਟੀ ਆਫ ਸੇਂਟ ਐਗਿਡੀਓ ਦੇ ਪ੍ਰਧਾਨ ਪ੍ਰੋਫੈਸਰ ਮਾਰਕੋ ਇਮਪਗਲੀਆਜ਼ੋ ਨੇ 6 ਅਤੇ 7 ਅਕਤੂਬਰ ਨੂੰ ਹੋਣ ਵਾਲੇ ਸਮਾਗਮ ਲਈ ਮਮਤਾ ਨੂੰ ਸੱਦਾ ਭੇਜਿਆ ਸੀ। ਸੱਦਾ ਪੱਤਰ ‘ਚ TMC ਮੁਖੀ ਨੂੰ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੱਤੀ ।ਪੱਤਰ ‘ਚ ਮਮਤਾ ਨੂੰ ਪਿਛਲੇ 10 ਸਾਲਾਂ ਵਿੱਚ ਸਮਾਜਿਕ ਨਿਆਂ, ਦੇਸ਼ ਦੇ ਵਿਕਾਸ ਅਤੇ ਸ਼ਾਂਤੀ ਲਈ ਕੀਤੇ ਗਏ ਯਤਨਾਂ ਲਈ ਵਧਾਈ ਵੀ ਦਿੱਤੀ ਸੀ।
TMC ਦੇ ਬੁਲਾਰੇ ਦੇਬਾਂਗਸ਼ੂ ਭੱਟਾਚਾਰੀਆ ਦੇਵ ਨੇ ਮਮਤਾ ਬੈਨਰਜੀ ਨੂੰ ਇਜਾਜ਼ਤ ਨਾ ਦਿੱਤੇ ਜਾਣ 'ਤੇ ਸਖਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਕੇਂਦਰ ਸਰਕਾਰ ਨੇ ਦੀਦੀ ਦੇ ਰੋਮ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ। ਪਹਿਲਾਂ ਚੀਨ ਜਾਣ ਦੀ ਇਜਾਜ਼ਤ ਵੀ ਰੱਦ ਕਰ ਦਿੱਤੀ ਸੀ। ਅਸੀਂ ਅੰਤਰਰਾਸ਼ਟਰੀ ਸਬੰਧਾਂ ਅਤੇ ਭਾਰਤ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਫੈਸਲੇ ਨੂੰ ਸਵੀਕਾਰ ਕਰ ਲਿਆ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਨੇ ਇਟਲੀ ਯਾਤਰਾ ਬਾਰੇ ਅਜਿਹਾ ਕਿਉਂ ਕੀਤਾ। ਬੰਗਾਲ ਨਾਲ ਉਨ੍ਹਾਂ ਦੀ ਕੀ ਸਮੱਸਿਆ ਹੈ।