ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਨਵੇਂ ਮੰਤਰੀ ਮੰਡਲ ਦਾ ਐਲਾਨ ਰੁਕਿਆ ਹੋਇਆ ਸੀ ਜਿਸ ਨੂੰ ਅੱਜ ਅੰਤਮ ਰੂਪ ਦੇ ਦਿਤਾ ਜਾਵੇਗਾ। ਕਈ ਵਿਧਾਇਕਾਂ ਦੀ ਚਾਂਦੀ ਹੋਵੇਗੀ ਅਤੇ ਕਈਆਂ ਦੀ ਮਿੱਟੀ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੰਤਰੀ ਮੰਡਲ ‘ਚ ਵਾਧੇ ਨੂੰ ਲੈ ਕੇ ਬੀਤੀ ਦੇਰ ਰਾਤ ਫਿਰ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਅੱਧੀ ਰਾਤ ਤੋਂ ਬਾਅਦ 2.00 ਵਜੇ ਖਤਮ ਹੋਈ ਤੇ ਚੰਨੀ ਅੱਜ ਤੜਕਸਾਰ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋ ਕੇ ਚੰਡੀਗੜ੍ਹ ਪਹੁੰਚ ਗਏ ਹਨ। ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਹੋਈ ਇਸ ਮੀਟਿੰਗ ਵਿਚ ਪ੍ਰਿਅੰਕਾ ਗਾਂਧੀ, ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਅਜੈ ਮਾਕਣ ਤੇ ਕੇ ਸੀ ਵੇਨੂਗੋਪਾਲ ਮੌਜੂਦ ਸਨ। ਰਿਪੋਰਟਾਂ ਮੁਤਾਬਕ ਇਸ ਮੀਟਿੰਗ ਵਿੱਚ ਪੰਜਾਬ ਦੇ ਨਵੇਂ ਮੰਤਰੀਆਂ ਦੇ ਨਾਮ ਲਗਭਗ ਤੈਅ ਹੋ ਚੁੱਕੇ ਹਨ। ਇਸਦੀ ਸੂਚੀ ਅੱਜ ਦੇਰ ਸ਼ਾਮ ਜਨਤਕ ਹੋਣ ਦੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜ ਕੁਮਾਰ ਵੇਰਕਾ, ਕੁਲਜੀਤ ਸਿੰਘ ਨਾਗਰਾ, ਪਰਗਟ ਸਿੰਘ , ਰਣਦੀਪ ਨਾਭਾ, ਸੰਗਤ ਸਿੰਘ ਗਿਲਜੀਆ ਤੇ ਸੁਰਜੀਤ ਧੀਮਾਨ ਨਵੀਂ ਵਜਾਰਤ ‘ਚ ਸ਼ਾਮਲ ਹੋ ਸਕਦੇ ਹਨ। ਉੱਥੇ ਹੀ ਸੁਰਜੀਤ ਧੀਮਾਨ ਤੇ ਗਿਲਜੀਆ ਦੇ ਨਾਮ ਨੂੰ ਲੈ ਕੇ ਪੇਚ ਫਸਿਆ ਹੋਇਆ ਕਿਉਂ ਕਿ ਇਹਨਾਂ ਵਿੱਚੋ ਇੱਕ ਨੂੰ ਹੀ ਸ਼ਾਮਲ ਕੀਤਾ ਜਾਣਾ ਹੈ।