Friday, November 22, 2024
 

ਰਾਸ਼ਟਰੀ

ਪੰਜਾਬ ਦੇ ਨਵੇਂ ਮੰਤਰੀ ਮੰਡਲ ਦਾ ਫੈਸਲਾ ਜਾਣੋ

September 24, 2021 11:12 AM

ਨਵੀਂ ਦਿੱਲੀ : ਪੰਜਾਬ ਨੂੰ ਨਵਾਂ ਮੁੱਖ ਮੰਤਰੀ ਤਾਂ ਮਿਲ ਗਿਆ ਹੈ ਹੁਣ ਇਸੇ ਤਰ੍ਹਾਂ ਹੀ ਨਵੇਂ ਮੰਤਰੀਆਂ ਦਾ ਵੀ ਫ਼ੈਸਲਾ ਹੋ ਗਿਆ ਹੈ। ਇਸ ਦਾ ਐਲਾਨ ਕਰਨ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਤੜਕੇ ਹੀ ਦਿੱਲਿਉਂ ਚਲ ਪਏ ਹਨ। ਕਈ ਨਵੇਂ ਮੰਤਰੀ ਬਣਨਗੇ ਅਤੇ ਕਈ ਪੁਰਾਣੇ ਚਿਹਰੇ ਵੀ ਹੋਣਗੇ। ਇਸ ਦਾ ਐਲਾਨ ਅੱਜ ਹੋ ਜਾਵੇਗਾ। ਦਰਅਸਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਰਾਹੁਲ ਗਾਂਧੀ ਵਿਚਕਾਰ ਦੇਰ ਰਾਤ 1.30 ਵਜੇ ਤਕ ਮੀਟਿੰਗ ਚਲਦੀ ਰਹੀ ਤੇ ਕਰੀਬ 2 ਵਜੇ ਪੰਜਾਬ ਭਵਨ ਪਹੁੰਚੇ ਤੇ 4.00 ਵਜੇ ਸਵੇਰੇ ਉਹ ਪੰਜਾਬ ਲਈ ਰਵਾਨਾ ਹੋ ਗਏ। ਰਾਹੁਲ ਗਾਂਧੀ, ਚਰਨਜੀਤ ਸਿੰਘੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਹੋਈ ਮੀਟਿੰਗ ਵਿੱਚ ਰਾਜ ਦੇ ਨਵੇਂ ਮੰਤਰੀ ਮੰਡਲ ਦਾ ਫੈਸਲਾ ਕੀਤਾ ਗਿਆ ਹੈ। ਇਸ ਮੀਟਿੰਗ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੇਸੀ ਵੇਣੂਗੋਪਾਲ, ਹਰੀਸ਼ ਰਾਵਤ ਅਤੇ ਹੋਰ ਆਗੂ ਹਾਜ਼ਰ ਸਨ। ਇਸ ਮੀਟਿੰਗ ਵਿੱਚ ਪੰਜਾਬ ਦੇ ਨਵੇਂ ਮੰਤਰੀਆਂ ਦੇ ਨਾਂ ਲਗਭਗ ਤੈਅ ਹੋ ਚੁੱਕੇ ਹਨ। ਅੱਜ ਇਸ ਦਾ ਖੁਲਾਸਾ ਹੋ ਸਕਦਾ ਹੈ। ਅਹਿਮ ਗੱਲ ਇਹ ਹੈ ਕਿ ਇਸ ਮੀਟਿੰਗ ਲਈ ਚੰਨੀ ਨੂੰ ਅਚਾਨਕ ਦਿੱਲੀ ਬੁਲਾਇਆ ਗਿਆ, ਜਿਸ ਕਾਰਨ ਮੁੱਖ ਮੰਤਰੀ ਨੇ ਅੰਮ੍ਰਿਤਸਰ ਤੋਂ ਦਿੱਲੀ ਦੀ ਉਡਾਣ ਭਰੀ। ਕੈਬਨਿਟ ਮੰਤਰੀਆਂ ਦੀ ਲਿਸਟ ਨੂੰ ਲੈ ਕੇ ਪਾਰਟੀ ਹਾਈਕਮਾਨ ਨੇ ਆਖ਼ਰੀ ਫ਼ੈਸਲਾ ਲੈ ਲਿਆ ਹੈ, ਹੁਣ ਸਿਰਫ਼ ਹੋਰ ਪੱਖਾਂ ’ਤੇ ਵਿਚਾਰ ਕੀਤਾ ਜਾਣਾ ਬਾਕੀ ਹੈ, ਜਿਸ ਤੋਂ ਬਾਅਦ ਮੰਤਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਉੱਥੇ, ਪਾਰਟੀ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਨਵੀਂ ਭੂਮਿਕਾ ਵਿਚ ਲਿਆਉਣਾ ਚਾਹੁੰਦੀ ਹੈ।
ਦਰਅਸਲ ਚੰਨੀ ਨੂੰ ਹਦਾਇਤ ਦਿੱਤੀ ਗਈ ਸੀ ਕਿ ਉਹ ਇਕੱਲੇ ਹੀ ਦਿੱਲੀ ਆਉਣ ਜਦਕਿ ਮੁੱਖ ਮੰਤਰੀ ਦੇ ਅਹੁਦੇ ਦੇ ਐਲਾਨ ਤੋਂ ਬਾਅਦ ਤੋਂ ਹੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੰਨੀ ਦੇ ਨਾਲ ਚੱਲ ਰਹੇ ਹਨ, ਜਿਸ ਤੋਂ ਬਾਅਦ ਆਮ ਲੋਕਾਂ ਵਿਚ ਇਹ ਸੰਦੇਸ਼ ਜਾ ਰਿਹਾ ਸੀ ਕਿ ਸਿੱਧੂ ਸੁਪਰ ਸੀਐੱਮ ਦੀ ਤਰ੍ਹਾਂ ਚੰਨੀ ਨੂੰ ਨਾਲ ਲੈ ਕੇ ਚੱਲ ਰਹੇ ਹਨ। ਉੱਥੇ, ਦੋ ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਬਦਲਣ ਤੋਂ ਲੈ ਕੇ ਹੋਰ ਫ਼ੈਸਲਿਆਂ ਵਿਚ ਵੀ ਸਿੱਧੂ ਦੀ ਝਲਕ ਸਾਫ਼ ਦਿਖਾਈ ਦੇ ਰਹੀ ਹੈ। ਇਹੀ ਕਾਰਨ ਹੈ ਕਿ ਰਾਹੁਲ ਨੇ ਚੰਨੀ ਨੂੰ ਇਕੱਲੇ ਹੀ ਦਿੱਲੀ ਬੁਲਾਇਆ ਹੈ।
ਪਾਰਟੀ ਸੂਤਰ ਦੱਸਦੇ ਹਨ ਕਿ ਨਵੀਂ ਕੈਬਨਿਟ ਵਿਚ ਪੁਰਾਣੇ ਅਤੇ ਨਵੇਂ ਚਿਹਰਿਆਂ ਦਾ ਸੁਮੇਲ ਹੋਣ ਵਾਲਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿਚ ਸ਼ਾਮਲ ਰਹੇ ਭਾਰਤ ਭੂਸ਼ਣ ਆਸ਼ੂ, ਵਿਜੈ ਇੰਦਰ ਸਿੰਗਲਾ, ਮਨਪ੍ਰੀਤ ਸਿੰਘ ਬਾਦਲ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ ਵਰਗੇ ਨਾਂ ਤਾਂ ਨਵੀਂ ਕੈਬਨਿਟ ਵਿਚ ਵੀ ਹੋਣਗੇ ਹੀ ਪਰ ਕੈਪਟਨ ਦੇ ਸਭ ਤੋਂ ਕਰੀਬੀ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਵਰਗੇ ਚਿਹਰਿਆਂ ਨੂੰ ਕੈਬਨਿਟ ਵਿਚ ਸਥਾਨ ਮਿਲਣ ਦੀ ਸੰਭਾਵਨਾ ਘੱਟ ਹੀ ਹੈ। ਉੱਥੇ, ਬਲਬੀਰ ਸਿੱਧੂ ਦਾ ਪੱਤਾ ਵੀ ਕੱਟ ਸਕਦਾ ਹੈ। ਪਾਰਟੀ ਇਸ ਲਈ ਵੀ ਕੈਪਟਨ ਸਰਕਾਰ ਦੇ ਕੁਝ ਇਕ ਕੈਬਨਿਟ ਮੰਤਰੀਆਂ ਨੂੰ ਨਵੀਂ ਕੈਬਨਿਟ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ, ਤਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਮਲਾ ਕਰਨ ਲਈ ਓਪਨ ਫੀਲਡ ਨਾ ਮਿਲ ਜਾਵੇ। ਕੈਪਟਨ ਪਹਿਲਾਂ ਤੋਂ ਹੀ ਕਾਫੀ ਹਮਲਾਵਰ ਹਨ। ਅਜਿਹੇ ਵਿਚ ਜੇਕਰ ਪੂਰੀ ਕੈਬਨਿਟ ਨੂੰ ਬਦਲਿਆ ਜਾਂਦਾ ਹੈ ਤਾਂ ਇਹ ਹਮਲੇ ਹੋਰ ਤੇਜ਼ ਹੋ ਸਕਦੇ ਹਨ। ਇਸ ਲਈ ਪਾਰਟੀ ਨੇ ਨਵੇਂ ਅਤੇ ਪੁਰਾਣੇ ਚਿਹਰਿਆਂ ਦਾ ਸੁਮੇਲ ਕਰਨ ਦਾ ਫ਼ੈਸਲਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਹਾਲੇ ਨਵੀਂ ਕੈਬਨਿਟ ਦੇ ਐਲਾਨ ਵਿਚ ਕੁਝ ਸਮਾਂ ਹੋਰ ਲੈ ਸਕਦੀ ਹੈ।

 

Have something to say? Post your comment

 
 
 
 
 
Subscribe