ਚੰਡੀਗੜ੍ਹ : ਕੁੜੀਆਂ ਦੀ ਤੁਲਨਾ ਸ਼ਰਾਬ ਨਾਲ ਕਰਨ ਕਾਰਨ ਪੰਜਾਬ ਦੇ ਦੋ ਗਾਇਕ ਚੱਕਰ ਵਿਚ ਫਸ ਗਏ ਹਨ। ਇਨ੍ਹਾਂ ਦੋ ਗਾਇਕਾਂ ਵਿਚ ਕਰਨ ਔਜਲਾ ਅਤੇ ਹਰਜੀਤ ਹਰਮਨ ਸ਼ਾਮਲ ਹਨ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਕਰਨ ਔਜਲਾ ਤੇ ਹਰਜੀਤ ਹਰਮਨ ਆਪਣੇ ਗੀਤ ‘ਸ਼ਰਾਬ’ ਨੂੰ ਲੈ ਕੇ ਸੁਰਖ਼ੀਆਂ ’ਚ ਸਨ। ਇਕ ਗੀਤ ’ਚ ਕਰਨ ਔਜਲਾ ਤੇ ਹਰਜੀਤ ਹਰਮਨ ਵਲੋਂ ਕੁੜੀਆਂ ਦੀ ਤੁਲਨਾ ਸ਼ਰਾਬ, ਨਸ਼ੇ ਤੇ ਹਥਿਆਰਾਂ ਨਾਲ ਕੀਤੀ ਗਈ ਹੈ, ਜਿਸ ’ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਐਕਸ਼ਨ ਲਿਆ ਸੀ।
ਇਸ ਸਬੰਧੀ ਕਰਨ ਔਜਲਾ ਤੇ ਹਰਜੀਤ ਹਰਮਨ ਨੂੰ 22 ਸਤੰਬਰ ਨੂੰ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਣ ਲਈ ਨੋਟਿਸ ਵੀ ਭੇਜਿਆ ਗਿਆ ਸੀ। ਹਾਲਾਂਕਿ ਹਰਜੀਤ ਹਰਮਨ ਤੇ ਕਰਨ ਔਜਲਾ ਦੋਵੇਂ ਮਹਿਲਾ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ। ਇਸ ਵਿਵਾਦ ’ਤੇ ਹਰਜੀਤ ਹਰਮਨ ਪਹਿਲਾਂ ਹੀ ਆਪਣਾ ਪੱਖ ਰੱਖ ਚੁੱਕੇ ਹਨ। ਉਨ੍ਹਾਂ ਨੇ ਫੇਸਬੁੱਕ ਪੋਸਟ ਰਾਹੀਂ ਗੀਤ ਦੇ ਵਿਵਾਦ ’ਤੇ ਗੱਲ ਕੀਤੀ ਸੀ। ਉਥੇ ਹੁਣ ਕਰਨ ਔਜਲਾ ਦਾ ਪੱਖ ਵੀ ਸਾਹਮਣੇ ਆਇਆ ਹੈ। ਦਰਅਸਲ ਮਨੀਸ਼ਾ ਗੁਲਾਟੀ ਨੇ ਇਕ ਤਸਵੀਰ ਆਪਣੇ ਫੇਸਬੁੱਕ ਪੇਜ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਕਰਨ ਔਜਲਾ ਨਾਲ ਵੀਡੀਉ ਕਾਲ ’ਤੇ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨਾਲ ਮਨੀਸ਼ਾ ਗੁਲਾਟੀ ਨੇ ਇਕ ਕੈਪਸ਼ਨ ਲਿਖੀ ਹੈ, ਜਿਸ ’ਚ ਉਸ ਨੇ ਕਰਨ ਔਜਲਾ ਦੇ ਬਿਆਨ ਤੇ ਆਪਣੀ ਪ੍ਰਤੀਕਿਰਿਆ ਬਾਰੇ ਦੱਸਿਆ ਹੈ।
ਮਨੀਸ਼ਾ ਗੁਲਾਟੀ ਨੇ ਲਿਖਿਆ ਹੈ ਕਿ ਪਿਛਲੇ ਦਿਨੀਂ ਪੰਜਾਬੀ ਗਾਇਕ ਕਰਨ ਔਜਲਾ ਤੇ ਹਰਜੀਤ ਹਰਮਨ ਦੇ ਗਾਣੇ ‘ਸ਼ਰਾਬ’, ਜਿਸ ’ਚ ਮਹਿਲਾਵਾਂ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਸਨ, ਉਸ ’ਤੇ ਮਹਿਲਾ ਕਮਿਸ਼ਨ ਵਲੋਂ ਸੂਮੋਟੋ ਲਿਆ ਗਿਆ ਸੀ। ਅੱਜ ਕਰਨ ਔਜਲਾ ਨੇ ਵੀਡੀਉ ਕਾਲ ਰਾਹੀਂ ਸਾਡੇ ਸਾਹਮਣੇ ਆਪਣਾ ਪੱਖ ਰੱਖਿਆ ਤੇ ਯਕੀਨ ਦਿਵਾਇਆ ਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਤੇ ਪੰਜਾਬੀ ਸੱਭਿਆਚਾਰ ਦਾ ਖਿਆਲ ਰੱਖਿਆ ਹੈ ਤੇ ਅੱਗੇ ਵੀ ਰੱਖਦੇ ਰਹਿਣਗੇ। ਉਨ੍ਹਾਂ ਨੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਉਨ੍ਹਾਂ ਦੇ ਗਾਣਿਆਂ ਨਾਲ ਕਿਸੇ ਦਾ ਵੀ ਅਕਸ ਖ਼ਰਾਬ ਨਾ ਹੋਵੇ। ਕਰਨ ਔਜਲਾ ਨੇ ਕਿਹਾ ਕਿ ਜਦੋਂ ਉਹ ਪੰਜਾਬ ਵਾਪਸ ਆਏ ਤਾਂ ਮਹਿਲਾ ਕਮਿਸ਼ਨ ਨਾਲ ਮੁਲਾਕਾਤ ਕਰਨਗੇ ਤੇ ਮੈਨੂੰ ਉਮੀਦ ਹੈ ਕਿ ਉਹ ਇਕ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਅਤੇ ਆਪਣੀ ਕਹੀ ਗੱਲ ’ਤੇ ਅਮਲ ਕਰਨਗੇ।’