ਬੇਰੁਜ਼ਗਾਰ ਸਟੈਨੋ ਯੂਨੀਅਨ ਦਾ ਧਰਨਾ 30ਵੇਂ ਦਿਨ ਵੀ ਧਰਨਾ ਜਾਰੀ
ਮੋਹਾਲੀ (ਸੱਚੀ ਕਲਮ ਬਿਊਰੋ) : ਅੱਜ ਅਧੀਨ ਸੇਵਾਵਾਂ ਬੋਰਡ ਅੱਗੇ ਬੇਰੋਜ਼ਗਾਰ ਪੰਜਾਬੀ ਸਟੈਨੋ ਯੂਨੀਅਨ ਪੰਜਾਬ ਵੱਲੋਂ ਵਰਦੇ ਮੀਂਹ ਵਿੱਚ ਵੀ ਧਰਨਾ ਦੇ 30 ਵੇ ਦਿਨ ਜਾਰੀ ਰਿਹਾ ਸਟੈਨੋ ਯੂਨੀਅਨ ਦੇ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਚੇਹਰੇ ਬਦਲ ਦਿੱਤੇ ਹਨ ਪਰ ਆਮ ਲੋਕਾਂ ਦੀਆਂ ਸਮੱਸਿਆਵਾਂ ਉੱਥੇ ਦੀਆਂ ਉੱਥੇ ਹੀ ਖੜੀਆਂ ਹਨ
ਬੇਰੋਜ਼ਗਾਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਮੀਂਹਾਂ, ਧੁੱਪਾਂ ਨੂੰ ਸਹਾਰਦਿਆਂ ਹੋਇਆਂ ਰਾਤਾਂ ਵੀ ਸੜਕਾਂ ਤੇ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਦਾ ਵਿਦਿਆਰਥੀ ਵਰਗ ਮਹਿੰਗੀਆਂ ਤੇ ਉੱਚੀਆਂ ਡਿਗਰੀਆਂ ਹਾਸਿਲ ਕਰਨ ਤੋਂ ਬਾਅਦ ਵੀ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਸਰਕਾਰੀ ਮਹਿਕਮਿਆਂ ਵਿੱਚ ਹਜ਼ਾਰਾਂ ਹੀ ਖਾਲੀ ਆਸਾਮੀਆਂ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਅਦਾਰਿਆਂ ਵਿੱਚ ਕਰਮਚਾਰੀ ਭਰਤੀ ਕਰਨ ਵੱਲ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਪੜ੍ਹੇ-ਲਿਖੇ ਹਜ਼ਾਰਾਂ ਲੱਖਾਂ ਹੀ ਬੇਰੁਜ਼ਗਾਰ ਸਰਕਾਰਾਂ ਦੇ ਖਿਲਾਫ ਸੜਕਾਂ ਤੇ ਉਤਰ ਕੇ ਆਪਣੇ ਰੋਜ਼ਗਾਰ ਦੀ ਮੰਗ ਦੀ ਪੂਰਤੀ ਲਈ ਰੋਸ ਮੁਜ਼ਾਹਰੇ, ਧਰਨੇ ਆਦਿ ਕਰਨ ਲਈ ਮਜਬੂਰ ਹਨ ਪ੍ਰੰਤੂ ਇਸ ਸਭ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਸ ਪਾਸੇ ਰਤਾ ਵੀ ਧਿਆਨ ਨਹੀਂ ਦੇ ਰਹੀ ਜੋ ਕਿ ਪੰਜਾਬ ਦੀ ਨੌਜਵਾਨੀ ਨਾਲ ਸਰਾਸਰ ਧੱਕਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬੀ ਬੇਰੁਜ਼ਗਾਰ ਸਟੈਨੋ ਯੁਨੀਅਨ ਪੰਜਾਬ ਵੱਲੋਂ ਅੱਜ ਧਰਨੇ ਦੇ 30 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਹਾਲਾਂਕਿ ਪੰਜਾਬ ਸਰਕਾਰ ਨੇ ਕਈ ਵਜ਼ੀਰ ਅਤੇ ਅਨੇਕਾਂ ਹੀ ਉੱਚ ਅਧਿਕਾਰੀਆਂ ਦਾ ਅਧੀਨ ਸੇਵਾਵਾਂ ਬੋਰਡ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਹੁਣ ਤੱਕ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ ਜਿਸ ਕਾਰਨ ਸਟੈਨੋ ਵਿਦਿਆਰਥੀਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਉਨ੍ਹਾਂ ਪੰਜਾਬ ਸਰਕਾਰ ਤੋਂ
ਇਹੀ ਮੰਗ ਕੀਤੀ ਕਿ ਉਹ ਜਲਦ ਹੀ ਪੰਜਾਬੀ ਸਟੈਨੋ ਦੀਆਂ ਪੋਸਟਾਂ ਦਾ ਨੌਟੀਫਿਕੇਸ਼ਨ ਜਾਰੀ ਕਰਕੇ ਭਰਤੀ ਪ੍ਰਕਿਰਿਆ ਮੁਕੰਮਲ ਕਰੇ।