ਚੰਡੀਗੜ੍ਹ : ਅੱਜ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਜਦੋਂ ਦਿੱਲੀ ਕਿਸੇ ਕੰਮ ਲਈ ਨਿਜੀ ਜਹਾਜ਼ ਰਾਹੀਂ ਪੁੱਜੇ ਤਾਂ ਇਸ ਨੂੰ ਵਿਰੋਧੀਆਂ ਨੇ ਇਕ ਮੁੱਦਾ ਬਣਾ ਲਿਆ ਹੈ ਅਤੇ ਆਪਣੇ ਆਪਣੇ ਸ਼ਬਦੀ ਵਾਰ ਕਰਨੇ ਸ਼ੁਰੂ ਕਰ ਦਿਤੇ ਹਨ। ਜੇ ਗੱਲ ਕਰੀਏ ਅਕਾਲੀ ਦਲ ਦੀ ਤਾਂ ਬੇਸ਼ੱਕ ਉਹ ਆਪ ਪ੍ਰਾਈਵੇਟ ਜਹਾਜ਼ਾਂ ਦੇ ਮਜ਼ੇ ਲੈਂਦੇ ਰਹੇ ਪਰ ਹੁਣ ਜਦੋਂ ਵਿਰੁਧੀਆਂ ਦੀ ਵਾਰੀ ਆਈ ਤਾਂ ਸਵਾਲ ਚੁੱਕਣੇ ਸ਼ੁਰੂ ਕਰ ਦਿਤੇ ਹਨ। ਬਾਕੀ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਹਾਲੇ ਤਕ ਪੰਜਾਬ ਵਿਚ ਤਾਂ ਉਨ੍ਹਾਂ ਦੀ ਸੱਤਾ ਹਾਸਲ ਕਰਨ ਦੀ ਵਾਰੀ ਆਈ ਹੀ ਨਹੀਂ ਇਸ ਲਈ ਉਹ ਕੁੱਝ ਵੀ ਆਖ ਸਕਦੇ ਹਨ। ਦਰਅਸਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਚਾਰਟਰਡ ਪਲੇਨ ’ਚ ਦਿੱਲੀ ਦੌਰੇ ’ਤੇ ਜਾਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਚੰਨੀ ਨੂੰ ਮੁੱਖ ਮੰਤਰੀ ਬਣੇ ਅਜੇ ਦੋ ਦਿਨ ਹੀ ਹੋਏ ਹਨ ਕਿ ਉਹ ਵਿਰੋਧੀਆਂ ਦਾ ਨਿਸ਼ਾਨਾ ਬਣ ਗਏ ਹਨ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਕਹਿਣ ਤੋਂ ਬਾਅਦ ਕਿ ਉਹ ਆਮ ਆਦਮੀ ਨਾਲ ਖੜ੍ਹੇ ਹਨ, ਤਾਂ ਫਿਰ ਕਾਂਗਰਸ ਨੇਤਾ ਚੰਡੀਗੜ੍ਹ ਤੋਂ ਦਿੱਲੀ ਤੱਕ ਸਿਰਫ਼ 250 ਕਿੱਲੋਮੀਟਰ ਦੀ ਯਾਤਰਾ ਕਰਨ ਲਈ ਪ੍ਰਾਈਵੇਟ ਜੈੱਟ ਦਾ ਇਸਤੇਮਾਲ ਕਿਉਂ ਕਰਦੇ ਹਨ? ਅਕਾਲੀ ਦਲ ਦਾ ਕਹਿਣਾ ਹੈ ਕਿ ਕੋਈ ਸਧਾਰਨ ਉਡਾਣਾਂ ਜਾਂ ਕਾਰਾਂ ਨਹੀਂ ਹਨ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਅਕਾਲੀ ਦਲ ਨੇ ਕਿਹਾ ਕਿ ਕੀ ਇਸ ਹੰਕਾਰ ਭਰੀ ਦਿਖ਼ਾਵੇਬਾਜ਼ੀ ਦਾ ਉਦੇਸ਼ ਗਾਂਧੀ ਪਰਿਵਾਰ ਦੇ ਦਿੱਲੀ ਦਰਬਾਰ ਦੇ ਸੱਭਿਆਚਾਰ ਦਾ ਪ੍ਰਚਾਰ ਕਰਨ ਲਈ ਹੈ? ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਵੀ ਚੰਨੀ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸਹੁੰ ਚੁੱਕਣ ਤੋਂ ਦੂਜੇ ਦਿਨ ਹੀ ਨਵੇਂ ਬਣੇ ਮੁੱਖ ਮੰਤਰੀ ਨੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਸ਼ੁਰੂ ਕਰ ਦਿੱਤੀ, ਕੈਪਟਨ-ਬਾਦਲਾਂ ਵਾਂਗ ਲੈਣ ਲੱਗਿਆ ਨਿੱਜੀ ਜਹਾਜ਼ ਦੇ ਝੂਟੇ।