ਨਵੀਂ ਦਿੱਲੀ : ਹਾਲੇ ਕੋਰੋਨਾ ਦੀ ਦੂਜੀ ਲਹਿਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਪਰ ਹੁਣ ਤੀਜੀ ਲਹਿਰ ਬਾਰੇ ਦਸਿਆ ਜਾ ਰਿਹਾ ਹੈ। ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਅਗਲੇ ਤਿੰਨ ਮਹੀਨੇ ਅਕਤੂਬਰ, ਨਵੰਬਰ ਤੇ ਦਸੰਬਰ ਅਹਿਮ ਸਾਬਿਤ ਹੋ ਸਕਦੇ ਹਨ। ਨੀਤੀ ਆਯੋਗ ਦੇ ਮੈਂਬਰ ਤੇ ਟੀਕਾਕਰਨ ’ਤੇ ਗਠਿਤ ਟਾਸਕ ਫੋਰਸ ਦੇ ਮੁਖੀ ਡਾਕਟਰ ਵੀ ਕੇ ਪਾਲ ਨੇ ਇਸਦੀ ਚਿਤਾਵਨੀ ਦਿੰਦੇ ਹੋਏ ਸੂਬਿਆਂ ਨੂੰ ਇਸਦੇ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਦੋ ਮਹੀਨਿਆਂ ਦੇ ਤਿਉਹਾਰੀ ਸੀਜ਼ਨ ਦੌਰਾਨ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਦੀ ਅਪੀਲ ਕੀਤੀ ਹੈ। ਡਾਕਟਰ ਵੀ ਕੇ ਪਾਲ ਦੇ ਮੁਤਾਬਕ ਭਾਰਤ ’ਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਲਗਾਏ ਗਏ ਸਾਰੇ ਅਨੁਮਾਨਾਂ ’ਚ ਅਕਤੂਬਰ ਤੋਂ ਲੈ ਕੇ ਦਸੰਬਰ ਤਕ ਇਸਦੇ ਆਉਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਬਿਹਤਰ ਹੋਈ ਹੈ ਤੇ ਕੇਰਲ ’ਚ ਵੀ ਸਥਿਤੀ ’ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ, ਪਰ ਤੀਜੀ ਲਹਿਰ ਦੇ ਸ਼ੱਕ ਨੂੰ ਦੇਖਦੇ ਹੋਏ ਸਾਨੂੰ ਆਪਣੀ ਤਿਆਰੀ ’ਚ ਕੋਈ ਕਮੀ ਨਹੀਂ ਰਹਿਣ ਦੇਣੀ ਚਾਹੀਦੀ।