ਨਵੀਂ ਦਿੱਲੀ : ਸਿੱਖ ਧਰਮ ਦੇ ਪਵਿੱਤਰ ਧਾਰਮਿਕ ਸਥਾਨ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ।ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਇੱਕ ਦਿਨ ਵਿੱਚ ਸਿਰਫ 1000 ਸ਼ਰਧਾਲੂਆਂ ਹੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ RT-PCR ਨੈਗੇਟਿਵ ਰਿਪੋਰਟ ਆਪਣੇ ਨਾਲ ਲਿਆਉਣੀ ਲਾਜ਼ਮੀ ਹੋਵੇਗੀ।
ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੀਆਂ ਹਦਾਇਤਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਆਰਟੀ-ਪੀਸੀਆਰ (RT-PCR) ਰਿਪੋਰਟ 72 ਘੰਟਿਆਂ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਇਹ ਉਨ੍ਹਾਂ ਸ਼ਰਧਾਲੂਆਂ ਲਈ ਜ਼ਰੂਰੀ ਹੋਵੇਗਾ ਜਿਨ੍ਹਾਂ ਨੂੰ ਵੈਕਸੀਨ ਨਹੀਂ ਮਿਲੀ ਹੈ।
ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚਾਰ ਧਾਮ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਹਾਈਕੋਰਟ ਨੇ ਕੁਝ ਪਾਬੰਦੀਆਂ ਦੇ ਨਾਲ ਚਾਰ ਧਾਮ ਯਾਤਰਾ ਦੀ ਆਗਿਆ ਦੇ ਦਿੱਤੀ ਹੈ।
ਚੀਫ ਜਸਟਿਸ ਦੇ ਡਿਵੀਜ਼ਨ ਬੈਂਚ ਨੇ ਬਦਰੀਨਾਥ ਧਾਮ ਵਿੱਚ 1200, ਕੇਦਾਰਨਾਥ ਧਾਮ ਵਿੱਚ 800, ਗੰਗੋਤਰੀ ਵਿੱਚ 600 ਅਤੇ ਯਮਨੋਤਰੀ ਧਾਮ ਵਿੱਚ 400 ਸ਼ਰਧਾਲੂਆਂ ਜਾਂ ਯਾਤਰੀਆਂ ਨੂੰ ਆਗਿਆ ਦਿੱਤੀ ਹੈ। ਇਸ ਤੋਂ ਇਲਾਵਾ, ਅਦਾਲਤ ਨੇ ਹਰੇਕ ਸ਼ਰਧਾਲੂ ਜਾਂ ਯਾਤਰੀ ਨੂੰ ਕੋਵਿਡ ਨੈਗੇਟਿਵ ਰਿਪੋਰਟ ਅਤੇ ਦੋਨਾਂ ਟੀਕਿਆਂ ਦਾ ਸਰਟੀਫਿਕੇਟ ਵੀ ਰੱਖਣ ਲਈ ਕਿਹਾ ਹੈ।