ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (NIA) ਨੇ ਬਦਨਾਮ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (I.S.) ਬਾਰੇ ਨਵੇਂ ਤੱਥਾਂ ਦਾ ਖੁਲਾਸਾ ਕਰਦਿਆਂ ਜਾਣਕਾਰੀ ਦੇਣ ਲਈ ਇੱਕ ਨਵਾਂ ਹਾਟਲਾਈਨ ਨੰਬਰ ਜਾਰੀ ਕੀਤਾ ਹੈ। ਐਨਆਈਏ ਨੇ ਕਿਹਾ ਕਿ ਉਸਨੇ ਅੱਤਵਾਦੀ ਹਮਲਿਆਂ ਦੇ ਕੁੱਲ 37 ਮਾਮਲਿਆਂ ਦੀ ਜਾਂਚ ਕੀਤੀ ਹੈ ਜਿਨ੍ਹਾਂ ਦੀ ਸਾਜ਼ਿਸ਼ ਅਤੇ ਫੰਡਿੰਗ ਆਈਐਸ ਦੁਆਰਾ ਕੀਤੀ ਗਈ ਸੀ।
ਜਾਂਚ ਤੋਂ ਪਤਾ ਲੱਗਾ ਹੈ ਕਿ ਆਈਐਸ ਆਨਲਾਈਨ ਪ੍ਰਚਾਰ ਚਲਾ ਕੇ ਦੇਸ਼ ਵਿੱਚ ਆਪਣੀਆਂ ਜੜ੍ਹਾਂ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਐਨਆਈਏ ਨੇ ਕਿਹਾ ਕਿ ਅਜਿਹੀ ਕਿਸੇ ਵੀ ਗਤੀਵਿਧੀ ਦਾ ਪਤਾ ਚੱਲਣ ਤੇ ਤੁਰੰਤ ਰਿਪੋਰਟ ਸਾਨੂੰ ਦਿਓ।
ਐਨਆਈਏ ਨੇ ਆਈਐਸ ਨੂੰ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਦੇਣ ਲਈ ਇੱਕ ਹਾਟਲਾਈਨ ਨੰਬਰ ਵੀ ਜਾਰੀ ਕੀਤਾ ਹੈ। ਅਜਿਹੀ ਕਿਸੇ ਵੀ ਗਤੀਵਿਧੀ ਦੀ ਸੂਚਨਾ 011-24368800 ‘ਤੇ ਦਿੱਤੀ ਜਾ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਮੁਹਿੰਮ ਚਲਾਉਣ ਜਾਂ ਨੌਜਵਾਨਾਂ ਨੂੰ ਲੁਭਾਉਣ ਵਰਗੇ ਮਾਮਲਿਆਂ ਦੀ ਜਾਣਕਾਰੀ ਤੁਰੰਤ ਇਸ ਨੰਬਰ ‘ਤੇ ਦਿੱਤੀ ਜਾ ਸਕਦੀ ਹੈ ।
ਜ਼ਿਕਰਯੋਗ ਹੈ ਕਿ ਐਨਆਈਏ ਨੇ 16 ਸਤੰਬਰ ਨੂੰ ਤਾਮਿਲਨਾਡੂ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ ਅਤੇ ਮਦੁਰਾਈ ਹਿਜ਼ਬ-ਉਤ-ਤਹਰੀਰ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਸੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਵਿਅਕਤੀ ਨੇ ਹਿਜ਼ਬ-ਉਤ-ਤਹਰੀਰ ਦੇ ਨਾਂ ਤੇ ਇਸਲਾਮਿਕ ਸਟੇਟ ਨੂੰ ਮੁੜ ਸੁਰਜੀਤ ਕਰਨ ਅਤੇ ਭਾਰਤ ਸਮੇਤ ਦੁਨੀਆ ਵਿੱਚ ਸ਼ਰੀਆ ਲਾਗੂ ਕਰਨ ਦੀ ਸਾਜ਼ਿਸ਼ ਰਚੀ ਸੀ।