ਥਾਈਲੈਂਡ : ਇਥੇ ਛੋਟਾ ਕਾਰੋਬਾਰ ਕਰਨ ਵਾਲਿਆਂ ਵਲੋਂ ਕੋਰੋਨਾ ਦੇ ਮਾਰਿਆਂ ਨੇ ਨਵੇਂ ਤਰੀਕੇ ਨਾਲ ਰੋਸ ਮੁਜ਼ਾਹਰਾ ਕੀਤਾ ਹੈ। ਦਰਅਸਲ ਥਾਈਲੈਂਡ ’ਚ ਵਿਰੋਧ ਦਰਜ ਕਰਵਾਉਣ ਲਈ ਟੈਕਸੀ ਦੀਆਂ ਛੱਤਾਂ ’ਤੇ ਸਬਜ਼ੀਆਂ ਬੀਜੀਆਂ ਜਾ ਰਹੀਆਂ ਹਨ। ਥਾਈਲੈਂਡ ’ਚ ਕੋਰੋਨਾ ਵਾਇਰਸ ਸੰਕਟ ਕਾਰਨ ਬੇਕਾਰ ਖੜ੍ਹੀਆਂ ਟੈਕਸੀ ਦੀਆਂ ਛੱਤਾਂ ’ਤੇ ਸਬਜ਼ੀਆਂ ਦੀ ਖੇਤੀ ਕੀਤੀ ਜਾਣ ਲੱਗੀ ਹੈ। ਇਸ ਲਈ ਇਸ ਹਫ਼ਤੇ ਟੈਕਸੀ ਸੰਗਠਨਾਂ ਦੇ ਕਰਮਚਾਰੀ ਇਕੱਠੇ ਹੋਏ ਸਨ।
ਉਨ੍ਹਾਂ ਨੇ ਅਪਣੀਆਂ ਟੈਕਸੀਆਂ ਦੀਆਂ ਛੱਤਾਂ ’ਤੇ ਮਿੱਟੀ ਤੇ ਪਾਣੀ ਦੀ ਵਰਤੋਂ ਕਰ ਕੇ ਟਮਾਟਰ, ਖੀਰਾ ਅਤੇ ਹੋਰ ਸਬਜ਼ੀਆਂ ਦੀ ਖੇਤੀ ਦੀ ਸ਼ੁਰੂਆਤ ਕੀਤੀ। ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਈਆਂ ਗਈਆਂ ਪਾਬੰਦੀਆਂ ਦੇ ਚਲਦਿਆਂ ਟੈਕਸੀ ਸੰਗਠਨਾਂ ਦੀ ਇਸ ਵੇਲੇ ਸਿਰਫ਼ 500 ਟੈਕਸੀਆਂ ਸੜਕਾਂ ’ਤੇ ਚੱਲ ਰਹੀਆਂ ਹਨ ਤੇ 2500 ਟੈਕਸੀਆਂ ਬੇਕਾਰ ਖੜ੍ਹੀਆਂ ਹਨ। ਟੈਕਸੀ ਸੰਗਠਨ ਨਾਲ ਜੁੜੇ ਇਕ ਵਿਅਕਤੀ ਨੇ ਕਿਹਾ ਕਿ ਮਹਾਂਮਾਰੀ ਕਾਰਨ ਬੰਦ ਹੋਏ ਕਾਰੋਬਾਰ ਕਾਰਨ ਪਹਿਲੀ ਤੇ ਦੂਜੀ ਲਹਿਰ ਦੌਰਾਨ ਹਜ਼ਾਰਾਂ ਚਾਲਕ ਅਪਣੀ ਟੈਕਸੀਆਂ ਛੱਡ ਕੇ ਪਿੰਡਾਂ ਨੂੰ ਪਰਤ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਸਥਿਤੀ ਅਜਿਹੀ ਹੈ ਕਿ ਟੈਕਸੀ ਕੰਪਨੀਆਂ ਭਾਰੀ ਸੰਕਟ ਵਿਚ ਹਨ ਅਤੇ ਜੇਕਰ ਜਲਦ ਮਦਦ ਨਹੀਂ ਮਿਲੀ ਤਾਂ ਪ੍ਰੇਸ਼ਾਨੀ ਹੋਰ ਵਧ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਟੈਕਸੀਆਂ ਦੀਆਂ ਛੱਤਾਂ ’ਤੇ ਸਬਜ਼ੀਆਂ ਦੀ ਖੇਤੀ ਵਿਰੋਧ ਜਤਾਉਣ ਅਤੇ ਕਰਮਚਾਰੀਆਂ ਦਾ ਪੇਟ ਭਰਨਾ ਦੋਵਾਂ ਲਈ ਹੈ। ਉਨ੍ਹਾਂ ਦਸਿਆ ਛੱਤਾਂ ’ਤੇ ਸਬਜ਼ੀਆਂ ਉਗਾਉਣ ਨਾਲ ਟੈਕਸੀਆਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ’ਚੋਂ ਜ਼ਿਆਦਾਤਰ ਪਹਿਲਾਂ ਹੀ ਨੁਕਸਾਨੀਆਂ ਜਾ ਚੁੱਕੀਆਂ ਹਨ, ਇੰਜਣ ਟੁੱਟ ਗਏ ਹਨ ਅਤੇ ਟਾਇਰ ਬੇਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਅਜਿਹਾ ਕੁਝ ਨਹੀਂ ਹੈ ਜੋ ਕੀਤਾ ਜਾ ਸਕਦਾ ਹੈ ਤੇ ਇਹੀ ਇਕ ਆਖ਼ਰੀ ਤਰੀਕਾ ਹੈ।