ਨਵੀਂ ਦਿੱਲੀ: ਮੌਸਮ ਵਿਭਾਗ ਨੇ ਦਿੱਲੀ 'ਚ ਆਗਾਮੀ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਲਗਾਤਾਰ ਬਾਰਸ਼ ਹੋਣ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਬਾਰਸ਼ ਹੋਣ ਕਾਰਨ ਤਾਪਮਾਨ 'ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੇਗੀ। ਮੌਸਮ ਵਿਭਾਗ ਦੇ ਮੁਤਾਬਕ ਤਾਪਮਾਨ 'ਚ 5 ਡਿਗਰੀ ਸੈਲਸੀਅਸ ਦੀ ਕਮੀ ਦੇਖੀ ਜਾਵੇਗੀ। ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਦਿੱਲੀ 'ਚ ਬਾਰਸ਼ ਦਾ ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਦਿਨਾਂ ਤਕ ਦਿੱਲੀ 'ਚ ਲਗਾਤਾਰ ਬਾਰਸ਼ ਦੀ ਸੰਭਾਵਨਾ ਹੈ। ਫਿਲਹਾਲ ਮੌਸਮ ਵਿਭਾਗ ਨੇ ਦਿੱਲੀ 'ਚ 30 ਤੋਂ 40 ਕਿਲੋਮੀਟਰ ਪ੍ਰਤੀਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਵੀ ਗੱਲ ਕਹੀ ਹੈ। ਮੌਸਮ ਵਿਭਾਗ ਦੇ ਮੁਤਾਬਕ ਦਿੱਲੀ 'ਚ ਇਨ੍ਹਾਂ ਦੋ ਦਿਨਾਂ 'ਚ ਹੋਣ ਵਾਲੀ ਬਾਰਸ਼ ਬੀਤੇ ਪੁਰਾਣੇ ਕਈ ਸਾਲਾਂ ਦਾ ਰਿਕਾਰਡ ਤੋੜਨ ਵਾਲੀ ਹੈ। ਮੌਸਮ ਵਿਭਾਗ ਦੇ ਜਾਰੀ ਅੰਕੜਿਆਂ ਮੁਤਾਬਕ ਦਿੱਲੀ 'ਚ ਅਜੇ ਤਕ 1146 ਮਿਮੀ ਦੇ ਕਰੀਬ ਬਾਰਸ਼ ਦਰਜ ਕੀਤੀ ਗਈ ਹੈ। ਜਿਸ ਨੂੰ ਬੀਤੇ 46 ਸਾਲਾਂ 'ਚ ਸਭ ਤੋਂ ਜ਼ਿਆਦਾ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 1975 'ਚ ਦਿੱਲੀ ਦੇ ਸਫਦਰਜੰਗ ਤੇ 1155 ਮਿਮੀ ਬਾਰਸ਼ ਦਰਜ ਕੀਤੀ ਗਈ ਸੀ।