ਨਵੀਂ ਦਿੱਲੀ: ਪਾਕਿਸਤਾਨ ਤੋਂ ਸਿਖਲਾਈ ਲੈ ਕੇ ਭਾਰਤ ਵਿਚ ਆਏ ਅਤਿਵਾਦੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਦਾ ਸਿਹਰਾ ਦਿੱਲੀ ਪੁਲਿਸ ਨੂੰ ਜਾਂਦਾ ਹੈ। ਦਰਅਸਲ ਦਿੱਲੀ ਪੁਲਿਸ ਨੇ ਛੇ ਅਤਿਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਦੋ ਨੇ ਪਾਕਿਸਤਾਨ ਵਿੱਚ ਸਿਖਲਾਈ ਲਈ ਸੀ। ਪੁਲਿਸ ਨੂੰ ਸੂਹ ਮਿਲੀ ਸੀ ਕਿ ਪਾਕਿਸਤਾਨੀ ਅਤਿਵਾਦੀ ਦਿੱਲੀ ਅਤੇ ਨੇੜਲੇ ਇਲਾਕਿਆਂ ਵਿੱਚ ਧਮਾਕੇ ਕਰਨਾ ਚਾਹੁੰਦੇ ਹਨ। ਅਦਿਵਾਦੀਆਂ ਤੋਂ ਵਿਸਫੋਟਕ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਦੋ ਅਤਿਵਾਦੀਆਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਯੂਪੀ ਅਤੇ ਰਾਜਸਥਾਨ ਤੋਂ ਚਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਪੈਸ਼ਲ ਸੀਪੀ ਨੀਰਜ ਠਾਕੁਰ ਨੇ ਕਿਹਾ ਕਿ ਅਸੀਂ ਮਲਟੀਸਟੇਟ ਆਪਰੇਸ਼ਨ ਵਿੱਚ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਮੀਰ, ਲਾਲਾ, ਜੀਸ਼ਾਨ ਕਮਰ, ਓਸਾਮਾ, ਜਾਨ ਮੁਹੰਮਦ ਅਲੀ ਸ਼ੇਖ ਅਤੇ ਮੁਹੰਮਦ ਅਬੂ ਬਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਛੇ ਵਿੱਚੋਂ ਦੋ ਅਜਿਹੇ ਲੋਕ ਵੀ ਹਨ ਜੋ ਇਸ ਸਾਲ ਪਾਕਿਸਤਾਨ ਵਿੱਚ ਸਿਖਲਾਈ ਤੋਂ ਵਾਪਸ ਆਏ ਹਨ। ਸਾਨੂੰ ਕੇਂਦਰੀ ਏਜੰਸੀ ਤੋਂ ਇਨਪੁਟ ਪ੍ਰਾਪਤ ਹੋਇਆ ਸੀ ਕਿ ਭਾਰਤ ਦੇ ਕੁਝ ਸ਼ਹਿਰਾਂ ਵਿੱਚ ਸਰਹੱਦ ਪਾਰ ਤੋਂ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਹੈ। ਆਉਣ ਵਾਲੇ ਤਿਉਹਾਰਾਂ ਦੇ ਮੌਸਮ ਵਿੱਚ ਬੰਬ ਧਮਾਕੇ ਕੀਤੇ ਜਾਣੇ ਸਨ ਜਿਸ ਨੂੰ ਹੁਣ ਨਾਕਾਮ ਕਰ ਦਿਤਾ ਗਿਆ ਹੈ।