ਨਵੀਂ ਦਿੱਲੀ : ਸੀਨੀਅਰ ਕਾਂਗਰਸੀ ਨੇਤਾ ਅਤੇ ਰਾਜ ਸਭਾ ਮੈਂਬਰ ਆਸਕਰ ਫਰਨਾਂਡੀਜ਼ ਦਾ ਸੋਮਵਾਰ ਨੂੰ ਮੰਗਲੁਰੂ ਵਿੱਚ 80 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਲੰਮੇ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਦਾਖਲ ਸਨ। ਦੱਸ ਦਈਏ ਕਿ ਫਰਨਾਂਡੀਜ਼ ਨੂੰ ਯੋਗਾ ਕਰਦੇ ਸਮੇਂ ਸੱਟ ਲੱਗਣ ਤੋਂ ਬਾਅਦ ਜੁਲਾਈ 2018 ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ, ਉਨ੍ਹਾਂ ਦੇ ਦਿਮਾਗ ਵਿੱਚ ਖੂਨ ਦੇ ਕਲੌਟ ਨੂੰ ਹਟਾਉਣ ਲਈ ਸਰਜਰੀ ਕੀਤੀ ਗਈ ਅਤੇ ਉਦੋਂ ਤੋਂ ਉਹ ਆਈਸੀਯੂ ਵਿੱਚ ਸਨ।
ਫਰਨਾਂਡਿਸ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵਿੱਚ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸਨ। ਇਸ ਦੌਰਾਨ ਉਨ੍ਹਾਂ ਨੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦਾ ਵਾਧੂ ਚਾਰਜ ਸੰਭਾਲ ਲਿਆ। ਇਸ ਤੋਂ ਪਹਿਲਾਂ, ਪਹਿਲੀ ਯੂਪੀਏ (ਯੂਪੀਏ-ਵਨ) ਸਰਕਾਰ ਵਿੱਚ, ਉਹ ਖੇਡ ਮੰਤਰੀ, ਵਿਦੇਸ਼ੀ ਭਾਰਤੀ ਮਾਮਲਿਆਂ ਦੇ ਮੰਤਰੀ, ਕਿਰਤ ਅਤੇ ਰੁਜ਼ਗਾਰ ਮੰਤਰੀ, ਕੇਂਦਰੀ ਸੜਕ ਆਵਾਜਾਈ ਮੰਤਰੀ, ਸੁਤੰਤਰ ਚਾਰਜ ਦੇ ਨਾਲ ਰਹੇ ਸਨ। ਉਹ ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਹੁੰਦਿਆਂ ਸੰਸਦੀ ਸਕੱਤਰ ਵੀ ਸਨ।
ਆਸਕਰ ਫਰਨਾਂਡੀਜ਼ 1980 ਵਿੱਚ ਕਰਨਾਟਕ ਦੀ ਉਡੁਪੀ ਸੀਟ ਤੋਂ ਲੋਕ ਸਭਾ ਲਈ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 1984, 1989, 1991 ਅਤੇ 1996 ਵਿੱਚ ਲੋਕ ਸਭਾ ਮੈਂਬਰ ਰਹੇ। ਫਿਰ ਉਹ 1998 ਵਿੱਚ ਭਾਜਪਾ ਦੇ ਜੈਰਾਮ ਸ਼ੈੱਟੀ ਤੋਂ ਹਾਰਨ ਤੋਂ ਬਾਅਦ ਰਾਜ ਸਭਾ ਵਿੱਚ ਚਲੇ ਗਏ। ਉਸ ਤੋਂ ਬਾਅਦ ਉਹ ਰਾਜ ਸਭਾ ਵਿੱਚ ਰਹੇ ਅਤੇ ਲੋਕ ਸਭਾ ਚੋਣਾਂ ਨਹੀਂ ਲੜੀਆਂ। ਮੰਗਲੁਰੂ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਸਾਲ 2010 ਵਿੱਚ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਸੀ।
ਆਸਕਰ ਦਾ ਜਨਮ 27 ਮਾਰਚ 1941 ਨੂੰ ਰੋਕੇ ਫਰਨਾਂਡਿਸ ਅਤੇ ਲਿਓਨਿਸਾ ਫਰਨਾਂਡਿਸ ਦੇ ਘਰ ਹੋਇਆ ਸੀ। 1972 ਵਿੱਚ, ਉਨ੍ਹਾਂ ਨੇ ਉਡੁਪੀ ਨਗਰ ਕੌਂਸਲ ਦੇ ਕੌਂਸਲਰ ਵਜੋਂ ਆਪਣਾ ਰਾਜਨੀਤਕ ਜੀਵਨ ਸ਼ੁਰੂ ਕੀਤਾ। ਉਨ੍ਹਾਂ ਦੇ ਪਿੱਛੇ ਪਤਨੀ ਬਲੌਸਮ ਫਰਨਾਂਡਿਸ, ਬੇਟਾ ਅਤੇ ਇੱਕ ਬੇਟੀ ਹਨ।