ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ WHO ਤੋਂ ਇਸ ਹਫ਼ਤੇ ਭਾਰਤ ਬਾਇਓਟੈੱਕ ਦੀ ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਸੂਚੀ (ਈਯੂਐੱਲ) ਵਿਚ ਸ਼ਾਮਲ ਕਰਨ ਦੀ ਮਨਜ਼ੂਰੀ ਮਿਲਣ ਦੀ ਉਮੀਦ ਹੈ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਬਾਇਓਟੈੱਕ ਨੇ ਕੋਵੈਕਸੀਨ ਨੂੰ ਈਯੂਐੱਲ ’ਚ ਸ਼ਾਮਲ ਕਰਨ ਲਈ ਡਬਲਯੂਐੱਚਓ ਦੇ ਇੱਥੇ ਤੀਜੇ ਪਡ਼ਾਅ ਦੇ ਕਲੀਨਿਕਲ ਟ੍ਰਾਇਲ ਦੇ ਡਾਟਾ ਨੂੰ ਬਹੁਤ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤਾ ਸੀ। ਇਸ ਵਿਚ ਕੋਰੋਨਾ ਰੋਕੂ ਸਵਦੇਸ਼ੀ ਵੈਕਸੀਨ ਨੂੰ 77.8 ਫ਼ੀਸਦੀ ਕਾਰਗਰ ਪਾਇਆ ਗਿਆ ਹੈ। ਭਾਰਤ ਬਾਇਓਟੈੱਕ ਦੀ ਵੈਕਸੀਨ ਨੂੰ ਈਯੂਐੱਲ ਮਨਜ਼ੂਰੀ ਦੇ ਮਸਲੇ ’ਤੇ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਡਬਲਯੂਐੱਚਓ ਦੀ ਪ੍ਰਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨਾਲ ਮੁਲਾਕਾਤ ਕੀਤੀ ਸੀ। ਵੈਕਸੀਨ ਮਾਮਲਿਆਂ ’ਤੇ ਡਬਲਯੂਐੱਚਓ ਦੇ ਸਹਾਇਕ ਡਾਇਰੈਕਟਰ ਜਨਰਲ ਮੈਰੀਆਨੇ ਸਿਮਾਓ ਨੇ ਵੀ ਉਮੀਦ ਪ੍ਰਗਟਾਈ ਸੀ ਕਿ ਸਤੰਬਰ ਦੇ ਮੱਧ ਤਕ ਇਸ ’ਤੇ ਫ਼ੈਸਲਾ ਹੋ ਜਾਵੇਗਾ। ਹੈਦਰਾਬਾਦ ਦੀ ਦਵਾਈ ਕੰਪਨੀ ਭਾਰਤ ਬਾਇਓਟੈੱਕ ਨੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਅਤੇ ਪੁਣੇ ਸਥਿਤ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾਨ (ਐੱਨਆਈਵੀ) ਨਾਲ ਮਿਲ ਕੇ ਕੋਵੈਕਸੀਨ ਨੂੰ ਵਿਕਸਤ ਕੀਤਾ ਹੈ। ਡਬਲਯੂਐੱਚਓ ਦੀ ਮਨਜ਼ੂਰੀ ਤੋਂ ਬਾਅਦ ਇਹ ਵੈਕਸੀਨ ਲਗਵਾਉਣ ਵਾਲੇ ਲੋਕ ਕਿਸੇ ਵੀ ਦੇਸ਼ ’ਚ ਆ ਜਾ ਸਕਣਗੇ।