Friday, November 22, 2024
 

ਚੰਡੀਗੜ੍ਹ / ਮੋਹਾਲੀ

ਸਾਰਾਗੜ੍ਹੀ ਜੰਗ ਦੀ 124ਵੀਂ ਵਰ੍ਹੇਗੰਢ ਮੌਕੇ ਕੈਪਟਨ ਨੇ ਇਤਿਹਾਸਕ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਕੀਤੇ ਭੇਂਟ

September 12, 2021 07:07 PM

ਚੰਡੀਗੜ੍ਹ/ਫ਼ਿਰੋਜ਼ਪੁਰ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captainn Amarinder Singh) ਨੇ ਅੱਜ ਸਾਰਾਗੜ੍ਹੀ ਜੰਗ ਦੀ 124ਵੀਂ ਵਰ੍ਹੇਗੰਢ ਮੌਕੇ ਇਸ ਇਤਿਹਾਸਕ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਗੁਰਦੁਆਰਾ ਸਾਰਾਗੜ੍ਹੀ ਵਿਖੇ ਹੋਏ ਰਾਜ ਪੱਧਰੀ ਸ਼ਹੀਦੀ ਦਿਵਸ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਨਤਮਸਤਕ ਹੋਣ ਉਪਰੰਤ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਸਮਾਣਾ ਚੋਟੀ (ਹੁਣ ਪਾਕਿਸਤਾਨ ਦਾ ਨਾਰਥ ਵੈਸਟ ਫਰੰਟੀਅਰ ਸੂਬਾ ਹੈ) ਨੇੜੇ ਤਾਇਨਾਤ 36 ਸਿੱਖ ਦੇ 22 ਮਹਾਨ ਸੈਨਿਕਾਂ ਨੂੰ ਯਾਦ ਕੀਤਾ, ਜਿਨ੍ਹਾਂ 12 ਸਤੰਬਰ, 1897 ਨੂੰ 10, 000 ਅਫ਼ਗਾਨਾਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਹੋਏ ਘਮਸਾਨ ਯੁੁੱਧ ਵਿੱਚ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ।

ਇਸ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ (CM Captainn Amarinder Singh) ਨੇ ਕਿਹਾ ਕਿ ਪਠਾਨ ਖੇਤਰਾਂ ਵਿੱਚ ਗੜਬੜੀਆਂ ਨੂੰ ਦੂਰ ਕਰਨ ਲਈ ਜਨਰਲ ਲੌਖਾਰਟ ਦੁਆਰਾ ਤੱਤਕਾਲੀ ਬ੍ਰਿਟਿਸ਼ ਭਾਰਤੀ ਫੌਜ ਦੀਆਂ ਚਾਰ ਟੁਕੜੀਆਂ ਭੇਜੀਆਂ ਗਈਆਂ। ਇਨ੍ਹਾਂ ਵਿੱਚੋਂ 36ਵੀਂ ਸਿੱਖ ਬਟਾਲੀਅਨ (ਹੁਣ ਚੌਥੀ ਸਿੱਖ ਬਟਾਲੀਅਨ) ਜਿਨ੍ਹਾਂ ਵਿੱਚ 21 ਸਿੱਖ ਸਿਪਾਹੀ ਅਤੇ ਇੱਕ ਰਸੋਈਆ ਸ਼ਾਮਲ ਸੀ, ਨੂੰ ਸਾਰਾਗੜੀ ਦੀ ਰੱਖਿਆ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ ਜੋ ਕਿ ਲੌਖਾਰਟ ਕਿਲੇ ਅਤੇ ਗੁਲਸਿਤਾਨ ਕਿਲੇ ਦਰਮਿਆਨ ਸੰਚਾਰ ਲਈ ਇੱਕ ਨਿਗਰਾਨੀ ਪੋਸਟ ਸੀ। 12 ਸਤੰਬਰ, 1897 ਦੀ ਸਵੇਰ ਅਫਰੀਦੀ ਅਤੇ ਔਰਕਜ਼ਈ ਕਬੀਲਿਆਂ ਦੇ ਪਠਾਨਾਂ ਨੇ ਵੱਡੀ ਗਿਣਤੀ ਵਿੱਚ ਸਾਰਾਗੜੀ ਉੱਤੇ ਹਮਲਾ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਠਾਨਾਂ ਦੀਆਂ ਆਤਮ ਸਮਰਪਣ ਕਰਨ ਦੀਆਂ ਮੰਗਾਂ ਨੂੰ ਹਵਲਦਾਰ ਈਸ਼ਰ ਸਿੰਘ ਨੇ ਜ਼ੋਰਦਾਰ ਢੰਗ ਨਾਲ ਨਕਾਰ ਦਿੱਤਾ। ਫਿਰ ਇਸ ਹਮਲੇ ਨੂੰ ਵੇਖਦਿਆਂ ਈਸ਼ਰ ਸਿੰਘ ਨੇ ਆਪਣੇ ਉੱਚ ਅਧਿਕਾਰੀ ਕਰਨਲ ਹੌਫ਼ਟਨ ਨੂੰ ਸੰਕੇਤ ਭੇਜਿਆ ਜਿਸ ਨੇ ਉਨ੍ਹਾਂ ਨੂੰ ਆਪਣੀ ਕਮਾਨ ਸੰਭਾਲਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਲੜਾਈ ਅੱਧ ਦੁਪਹਿਰ ਤੱਕ ਜਾਰੀ ਰਹੀ ਅਤੇ ਹਰ ਸਿੱਖ ਸਿਪਾਹੀ ਨੇ 400-500 ਗੋਲੀਆਂ ਦਾਗੀਆਂ। ਮੁੱਖ ਮੰਤਰੀ (CM Captainn Amarinder Singh) ਨੇ ਅੱਗੇ ਕਿਹਾ ਕਿ ਵੱਡੀ ਗਿਣਤੀ ਵਿੱਚ ਕਬਾਇਲੀ ਪਠਾਨਾਂ ਕਰਕੇ ਘੇਰਾਬੰਦੀ ਕੀਤੇ ਗਏ ਸੈਨਿਕਾਂ ਨੂੰ ਸਹਾਇਤਾ ਭੇਜਣ ਦੇ ਸਾਰੇ ਯਤਨ ਅਸਫਲ ਰਹੇ। ਅਖੀਰ ਵਿੱਚ ਸਿਪਾਹੀ ਗੁਰਮੁਖ ਸਿੰਘ ਨੇ ਕਰਨਲ ਹੌਫ਼ਟਨ ਨੂੰ ਆਖਰੀ ਸੰਕੇਤ ਭੇਜਿਆ ਅਤੇ ਲੜਨ ਲਈ ਬੰਦੂਕ ਚੁੱਕ ਲਈ। ਕਿਸੇ ਵੀ ਫ਼ੌਜੀ ਨੇ ਆਤਮ-ਸਮਰਪਣ ਨਹੀਂ ਕੀਤਾ ਅਤੇ ਸਾਰੇ ਸ਼ਹੀਦ ਹੋ ਗਏ।

ਧੰਨਵਾਦੀ ਮਤਾ ਪੇਸ਼ ਕਰਦਿਆਂ ਫਿਰੋਜ਼ਪੁਰ (ਸ਼ਹਿਰੀ) ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਮੰਗ ਕੀਤੀ ਕਿ ਜੰਗਲਾਤ ਦੀ 2.5 ਏਕੜ ਜ਼ਮੀਨ 'ਤੇ ਲੰਗਰ ਹਾਲ ਬਣਾਇਆ ਜਾਵੇ ਜਿਸ ਲਈ ਮੁੱਖ ਮੰਤਰੀ ਨੇ ਮੌਕੇ 'ਤੇ ਡਿਪਟੀ ਕਮਿਸ਼ਨਰ ਨੂੰ ਵਿਸਥਾਰਤ ਪ੍ਰਸਤਾਵ ਭੇਜਣ ਲਈ ਕਿਹਾ। ਵਿਧਾਇਕ ਨੇ ਪ੍ਰਧਾਨ ਮੰਤਰੀ ਨੂੰ ਸਾਰਾਗੜ੍ਹੀ ਗੁਰਦੁਆਰੇ ਦੀ ਢੁੱਕਵੀਂ ਸਾਂਭ-ਸੰਭਾਲ ਲਈ 11 ਕਰੋੜ ਦੀ ਸਹਾਇਤਾ ਦੇਣ ਦੀ ਵੀ ਅਪੀਲ ਕੀਤੀ।

ਇਸ ਮੌਕੇ ਸ਼ਹੀਦ ਸੈਨਿਕਾਂ ਦੇ ਵਾਰਸਾਂ ਅਤੇ ਵੀਰ ਨਾਰੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ ਜੇ.ਐਸ. ਚੀਮਾ, ਮੇਜਰ ਜਨਰਲ ਸੰਦੀਪ ਸਿੰਘ, ਬ੍ਰਿਗੇਡੀਅਰ ਕੰਵਲਜੀਤ ਚੋਪੜਾ ਅਤੇ ਕਰਨਲ ਬਲਦੇਵ ਚਾਹਲ ਵੀ ਮੌਜੂਦ ਸਨ।

 

Have something to say? Post your comment

Subscribe