ਮੋਹਾਲੀ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਅਤੇ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਜਸਟਿਸ ਅਜੇ ਤਿਵਾੜੀ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਹਾਲੀ ਆਰ. ਐਸ. ਰਾਏ ਦੀ ਯੋਗ ਅਗਵਾਈ ਹੇਠ ਅੱਜ ਕੌਮੀ ਲੋਕ ਅਦਾਲਤ ਲਗਾਈ ਗਈ। '
ਇਸ ਕੌਮੀ ਲੋਕ ਅਦਾਲਤ ਲਈ ਜ਼ਿਲ੍ਹਾ ਅਦਾਲਤ ’ਚ 15 ਬੈਂਚਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਦੀ ਪ੍ਰਧਾਨਗੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਅਤੇ ਹੋਰਨਾਂ ਵਲੋਂ ਕੀਤੀ ਗਈ। ਇਸਤੋਂ ਇਲਾਵਾ ਸਬ-ਡਵੀਜ਼ਨ ਡੇਰਾਬੱਸੀ ਵਿਖੇ 3 ਬੈਂਚ ਜਦਕਿ ਸਬ-ਡਵੀਜ਼ਨ ਖਰੜ ਵਿਖੇ 4 ਬੈਂਚ ਬਣਾਏ ਗਏ। ਇਸ ਰਾਸ਼ਟਰੀ ਲੋਕ ਅਦਾਲਤ ਲਈ ਮੁਹਾਲੀ, ਡੇਰਾਬੱਸੀ ਅਤੇ ਖਰੜ ਦੀਆਂ ਸਾਰੀਆਂ ਅਦਾਲਤਾਂ ਨੇ ਵੱਧ ਤੋਂ ਵੱਧ ਕੇਸ ਰਾਜ਼ੀਨਾਮੇ ਦੇ ਆਧਾਰ ’ਤੇ ਨਿਪਟਾਰੇ ਲਈ ਰੱਖੇ।
ਅੱਜ ਦੀ ਇਸ ਕੌਮੀ ਲੋਕ ਅਦਾਲਤ ’ਚ ਕੁੱਲ 5880 ਕੇਸ ਨਿਬੇੜੇ ਲਈ ਰੱਖੇ ਗਏ, ਜਿਨ੍ਹਾਂ ’ਚੋਂ 2117 ਕੇਸਾਂ ਦਾ ਨਿਬੇੜਾ ਕਰਕੇ ਕੁੱਲ 70, 48, 05, 198 ਕੀਮਤ ਦੇ ਐਵਾਰਡ ਪਾਸ ਕੀਤੇ ਗਏ। ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੁਹਾਲੀ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਲੋਕ ਅਦਾਲਤਾਂ ’ਚ ਫ਼ੈਸਲਾ ਹੋਣ ’ਤੇ ਕੇਸਾਂ ’ਚ ਲੱਗੀ ਹੋਈ ਕੋਰਟ ਫ਼ੀਸ ਵਾਪਸ ਕਰ ਦਿੱਤੀ ਜਾਂਦੀ ਹੈ ਅਤੇ ਇਨ੍ਹਾਂ ਕੇਸਾਂ ਦੇ ਫ਼ੈਸਲੇ ਖ਼ਿਲਾਫ਼ ਕੋਈ ਅਪੀਲ ਨਹੀਂ ਹੁੰਦੀ ਅਤੇ ਰਾਜ਼ੀਨਾਮਾ ਕਰਨ ਕਾਰਨ ਪਾਰਟੀਆਂ ਦੇ ਰਿਸ਼ਤੇ ’ਚ ਤਰੇੜ ਵੀ ਨਹੀਂ ਪੈਂਦੀ।