ਇਹ ਮੱਛਰ ਜੰਗਲੀ ਮੱਛਰਾਂ ਵਿਚ ਰੱਲ ਕੇ ਉਨ੍ਹਾਂ ਦਾ ਕਰਦੇ ਹਨ ਖ਼ਾਤਮਾ
|
ਬਿਜਿੰਗ : ਮੱਛਰਾਂ ਦੇ ਖ਼ਾਤਮੇ ਲਈ ਚੀਨ ਮੋਹਰੀ ਹੋ ਕੇ ਕੰਮ ਕਰ ਰਿਹਾ ਹੈ। ਚੀਨ ਨੇ ਆਪਣੀ ਫ਼ੈਕਟਰੀ ਵਿੱਚ ਅਜਿਹੇ ਚੰਗੇ ਮੱਛਰਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਹੈ, ਜੋ ਬੀਮਾਰੀ ਫੈਲਾਉਣ ਵਾਲੇ ਮੱਛਰਾਂ ਨੂੰ ਖ਼ਤਮ ਕਰਦੇ ਹਨ। ਦਰਅਸਲ, ਚੰਗੇ ਮੱਛਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਹ ਬੀਮਾਰੀਆਂ ਫੈਲਾਉਣ ਵਾਲੇ ਮੱਛਰਾਂ ਦੇ ਵਾਧੇ ਨੂੰ ਆਪਣੇ ਤਰੀਕੇ ਨਾਲ ਰੋਕਦੇ ਹਨ। ਚੀਨ ਨੇ ਇੱਕ ਖੋਜ ਦੇ ਬਾਅਦ ਇਹ ਕੰਮ ਸ਼ੁਰੂ ਕੀਤਾ ਹੈ। ਚੀਨ ਦੇ ਦੱਖਣੀ ਹਿੱਸੇ ਗੁਆਂਗਝੋਉ ਵਿੱਚ ਇੱਕ ਫ਼ੈਕਟਰੀ ਹੈ, ਜੋ ਇਨ੍ਹਾਂ ਚੰਗੇ ਮੱਛਰਾਂ ਨੂੰ ਪੈਦਾ ਕਰਦੀ ਹੈ। ਹਰ ਹਫ਼ਤੇ ਲਗਭਗ 2 ਕਰੋੜ ਮੱਛਰ ਪੈਦਾ ਹੁੰਦੇ ਹਨ। ਇਹ ਮੱਛਰ ਅਸਲ ਵਿੱਚ ਵੋਲਬਾਚੀਆ ਬੈਕਟੀਰੀਆ ਨਾਲ ਪੀੜਤ ਹਨ, ਇਸਦਾ ਇੱਕ ਫਾਇਦਾ ਵੀ ਹੈ। ਪਹਿਲਾਂ ਚੀਨ ਵਿੱਚ ਸੁਨ ਯੇਤ ਸੇਤ ਯੂਨੀਵਰਸਿਟੀ ਅਤੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਕੀਤੀ ਇੱਕ ਖੋਜ ਵਿੱਚ ਪਾਇਆ ਗਿਆ ਕਿ ਜੇਕਰ ਵੋਲਬਾਚੀਆ ਬੈਕਟੀਰੀਆ ਨਾਲ ਪੀੜਤ ਮੱਛਰ ਪੈਦਾ ਕੀਤੇ ਜਾਂਦੇ ਸਨ। ਇਨ੍ਹਾਂ ਚੰਗੇ ਮੱਛਰਾਂ ਨੂੰ ਵੋਲਬਾਚੀਆ ਮੇਸਕੀਟੋ ਵੀ ਕਿਹਾ ਜਾਂਦਾ ਹੈ। ਪਹਿਲਾਂ ਇਨ੍ਹਾਂ ਨੂੰ ਗੁਆਂਗਝੌ ਵਿੱਚ ਫੈਕਟਰੀ ਵਿੱਚ ਪੈਦਾ ਕੀਤਾ ਜਾਂਦਾ ਹੈ। ਫਿਰ ਇਨ੍ਹਾਂ ਨੂੰ ਜੰਗਲ ਅਤੇ ਅਜਿਹੀ ਜਗ੍ਹਾ ’ਤੇ ਛੱਡਿਆ ਜਾਂਦਾ ਹੈ ਜਿੱਥੇ ਮੱਛਰ ਬਹੁਤ ਜ਼ਿਆਦਾ ਹੁੰਦੇ ਹਨ। ਫੈਕਟਰੀ ਵਿੱਚ ਪੈਦਾ ਮੱਛਰ ਮਾਦਾ ਮੱਛਰਾਂ ਨਾਲ ਰਲ ਜਾਂਦੇ ਹਨ ਅਤੇ ਉਨ੍ਹਾਂ ਦੀ ਹੋਰ ਬੱਚੇ ਜਾਂ ਅੰਡੇ ਪੈਦਾ ਕਰਨ ਦੀ ਸ਼ਕਤੀ ਨੂੰ ਨਸ਼ਟ ਕਰਦੇ ਹਨ। ਫਿਰ ਉਸ ਖੇਤਰ ਵਿੱਚ ਮੱਛਰ ਘਟਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਨਾਲ ਬੀਮਾਰੀਆਂ ਦੀ ਰੋਕਥਾਮ ਹੁੰਦੀ ਹੈ।
ਮੱਛਰਾਂ ਨੂੰ ਪੈਦਾ ਕਰਨ ਵਾਲੀ ਇਹ ਚੀਨੀ ਫ਼ੈਕਟਰੀ ਦੁਨੀਆ ਵਿੱਚ ਆਪਣੀ ਕਿਸਮ ਦੀ ਸਭ ਤੋਂ ਵੱਡੀ ਹੈ। ਇਹ 3500 ਵਰਗ ਮੀਟਰ ਵਿੱਚ ਫੈਲੀ ਹੋਈ ਹੈ। ਇਸ ਵਿੱਚ 4 ਵੱਡੀਆਂ ਵਰਕਸ਼ਾਪਾਂ ਹਨ। ਹਰ ਵਰਕਸ਼ਾਪ ਪ੍ਰਤੀ ਹਫਤੇ ਲਗਭਗ 50 ਲੱਖ ਮੱਛਰ ਪੈਦਾ ਕਰਦੀ ਹੈ। ਚੀਨ ਅਜਿਹਾ ਅੱਜ ਤੋਂ ਨਹੀਂ ਬਲਕਿ ਸਾਲ 2015 ਤੋਂ ਕਰ ਰਿਹਾ ਹੈ। ਪਹਿਲਾਂ ਇਹ ਮੱਛਰ ਸਿਰਫ ਗੁਆਂਗਝੋਊ ਲਈ ਤਿਆਰ ਕੀਤੇ ਜਾਂਦੇ ਸਨ, ਕਿਉਂਕਿ ਇੱਥੇ ਹਰ ਸਾਲ ਡੇਂਗੂ ਫੈਲਦਾ ਹੈ। ਹੁਣ ਮੱਛਰਾਂ ਨੂੰ ਇੱਥੇ ਬਹੁਤ ਜ਼ਿਆਦਾ ਕੰਟਰੋਲ ਕੀਤਾ ਗਿਆ ਹੈ, ਜਿਸ ਨਾਲ ਬੀਮਾਰੀਆਂ ਵੀ ਕਾਬੂ ਵਿਚ ਹਨ। ਹੁਣ ਇਸ ਫੈਕਟਰੀ ਤੋਂ ਮੱਛਰ ਪੈਦਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਚੀਨ ਦੇ ਹੋਰ ਖੇਤਰਾਂ ਵਿੱਚ ਵੀ ਭੇਜਿਆ ਜਾ ਰਿਹਾ ਹੈ। ਫ਼ੈਕਟਰੀ ਵਿੱਚ ਪੈਦਾ ਹੋਏ ਇਹ ਮੱਛਰ ਬਹੁਤ ਰੌਲਾ ਪਾਉਂਦੇ ਹਨ ਪਰ ਇੱਕ ਨਿਸ਼ਚਿਤ ਸਮੇਂ ਬਾਅਦ ਇਹ ਖ਼ਤਮ ਹੋ ਜਾਂਦੇ ਹਨ। ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਬੀਮਾਰੀਆਂ ਫੈਲਣ ਦਾ ਕੋਈ ਖ਼ਤਰਾ ਨਹੀਂ ਹੈ।
ਫ਼ੈਕਟਰੀ ਵਿੱਚ ਪੈਦਾ ਹੋਏ ਸਾਰੇ ਮੱਛਰ ਨਰ ਹਨ। ਇਨ੍ਹਾਂ ਮੱਛਰਾਂ ਦੇ ਜੀਨਾਂ ਨੂੰ ਲੈਬ ਵਿੱਚ ਬਦਲਿਆ ਜਾਂਦਾ ਹੈ, ਇਹ ਚੀਨੀ ਪ੍ਰੋਜੈਕਟ ਇੰਨਾ ਸਫਲ ਰਿਹਾ ਹੈ ਕਿ ਬਰਾਜ਼ੀਲ ਵਿੱਚ ਵੀ ਚੀਨ ਅਜਿਹੀ ਹੀ ਫੈਕਟਰੀ ਖੋਲ੍ਹਣ ਜਾ ਰਿਹਾ ਹੈ। ਪਹਿਲੀ ਅਜ਼ਮਾਇਸ ਵਿਚ ਚੀਨ ਦੇ ਇਸ ਢੰਗ ਨੂੰ ਬਹੁਤ ਸਫਲਤਾ ਮਿਲੀ ਹੈ। ਜਿਸ ਖੇਤਰ ਵਿੱਚ ਇਹ ਮੱਛਰ ਛੱਡੇ ਗਏ ਸਨ, ਉੱਥੇ ਥੋੜ੍ਹੇ ਸਮੇਂ ਵਿੱਚ 96 ਪ੍ਰਤੀਸ਼ਤ ਦੀ ਕਮੀ ਆਈ ਸੀ। ਜਿਸ ਤੋਂ ਬਾਅਦ ਚੀਨ ਨੇ ਇਸ ਦੀ ਵਰਤੋਂ ਵੱਡੇ ਪੱਧਰ ’ਤੇ ਕਰਨੀ ਸ਼ੁਰੂ ਕਰ ਦਿੱਤੀ।