ਮਾਇਆਵਤੀ ਨੇ ਕੱਟੀ ਬਾਹੁਬਲੀ ਮੁਖਤਾਰ ਅੰਸਾਰੀ ਦੀ ਟਿਕਟ
ਲਖਨਊ : ਮਾਇਆਵਤੀ ਨੇ ਟਵੀਟ ਕਰਦਿਆਂ ਕਿਹਾ ਕਿ ਬਸਪਾ ਦਾ ਆਗਾਮੀ ਯੂਪੀ ਵਿਧਾਨ ਸਭਾ ਚੋਣਾਂ ’ਚ ਯਤਨ ਹੋਵੇਗਾ ਕਿ ਕਿਸੇ ਵੀ ਬਾਹੁਬਲੀ ਜਾਂ ਮਾਫ਼ੀਆ ਆਦਿ ਨੂੰ ਪਾਰਟੀ ਵੱਲੋਂ ਚੋਣਾਂ ਨਾ ਲੜਾਈਆਂ ਜਾਣ। ਇਸ ਦੇ ਮੱਦੇਨਜ਼ਰ ਹੀ ਆਜ਼ਮਗੜ੍ਹ ਮੰਡਲ ਦੀ ਮਾਉ ਵਿਧਾਨ ਸਭਾ ਸੀਟ ਤੋਂ ਹੁਣ ਮੁਖਤਾਰ ਅੰਸਾਰੀ ਨਹੀਂ, ਸਗੋਂ ਯੂਪੀ ਦੇ ਬਸਪਾ ਸੂਬਾ ਪ੍ਰਧਾਨ ਭੀਮ ਰਾਜਭਰ ਚੋਣ ਅਖਾੜੇ ਵਿੱਚ ਉਤਰਨਗੇ।
ਦਰਅਸਲ ਅਗਲੇ ਸਾਲ ਉੱਤਰ ਪ੍ਰਦੇਸ਼ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਆਗਾਮੀ ਚੋਣਾਂ ਵਿੱਚ ਬਸਪਾ ਕਿਸੇ ਵੀ ਬਾਹੁਬਲੀ ਜਾਂ ਮਾਫ਼ੀਆ ਨੂੰ ਟਿਕਟ ਨਹੀਂ ਦੇਵੇਗੀ।
ਮਾਇਆਵਤੀ ਨੇ ਕਿਹਾ ਕਿ ਜਨਤਾ ਦੀ ਕਸੌਟੀ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਦੇ ਯਤਨਾਂ ਦੇ ਤਹਿਤ ਹੀ ਲਏ ਗਏ ਇਸ ਫ਼ੈਸਲੇ ਦੇ ਫਲਸਰੂਪ ਪਾਰਟੀ ਇੰਚਾਰਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਰਟੀ ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਣ ਤਾਂ ਜੋ ਸਰਕਾਰ ਬਣਨ ’ਤੇ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਵਿੱਚ ਕੋਈ ਦਿੱਕਤ ਨਾ ਹੋਵੇ।
ਮਾਇਆਵਤੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦਾ ਸੰਕਲਪ ਕਾਨੂੰਨ ਦੁਆਰਾ ਕਾਨੂੰਨ ਦਾ ਰਾਜ਼ ਦੇ ਨਾਲ ਹੀ ਯੂਪੀ ਦੀ ਤਸਵੀਰ ਨੂੰ ਵੀ ਹੁਣ ਬਦਲ ਦੇਣ ਦਾ ਹੈ ਤਾਂ ਜੋ ਸੂਬੇ ਜਾਂ ਦੇਸ਼ ਹੀ ਨਹੀਂ, ਸਗੋਂ ਬੱਚਾ-ਬੱਚਾ ਕਹੇ ਕਿ ਸਰਕਾਰ ਹੋਵੇ ਤਾਂ ਬਸਪਾ ਜਿਹੀ। ਇਹ ਪਾਰਟੀ ਜੋ ਕਹਿੰਦੀ ਹੈ, ਉਹ ਕਰਕੇ ਵੀ ਦਿਖਾਉਂਦੀ ਹੈ। ਇਹ ਪਾਰਟੀ ਦੀ ਸਹੀ ਪਹਿਚਾਣ ਵੀ ਹੈ।