ਸੱਤਵੇਂ ਸੂਬਾ ਪੱਧਰੀ ਰੋਜ਼ਗਾਰ ਮੇਲੇ ਦਾ ਕੀਤਾ ਉਦਘਾਟਨ
ਸਰਕਾਰੀ ਭਰਤੀ ਦੇ ਇਮਤਿਹਾਨਾਂ ਲਈ ਮੁਫਤ ਆਨਲਾਈਨ ਕੋਚਿੰਗ ਤੇ 'ਮੇਰਾ ਕੰਮ ਮੇਰਾ ਮਾਣ' ਸਕੀਮ ਦੀ ਸ਼ੁਰੂਆਤ
1965 ਦੀ ਜੰਗ ਦੇ ਪਰਮਵੀਰ ਚੱਕਰ ਜੇਤੂ ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ ਦੀ ਕੁਰਬਾਨੀ ਨੂੰ ਕੀਤਾ ਯਾਦ
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਈ ਨੌਜਵਾਨ ਪੱਖੀ ਪਹਿਲਕਦਮੀਆਂ ਦੀ ਸ਼ੁਰੂਆਤ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਅਸਲ ਉਤਾੜ ਵਿਖੇ ਸਥਾਈ ਸੀ-ਪਾਈਟ ਕੈਂਪ ਦਾ ਡਿਜੀਟਲ ਰੂਪ ਵਿੱਚ ਨੀਂਹ ਪੱਥਰ ਰੱਖਿਆ ਤਾਂ ਕਿ 1965 ਦੀ ਭਾਰਤ-ਪਾਕਿ ਜੰਗ ਦੇ ਪਰਮਵੀਰ ਚੱਕਰ ਜੇਤੂ ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ ਦੀ ਲਾਮਿਸਾਲ ਸੂਰਮਗਤੀ ਨੂੰ ਸਿਜਦਾ ਕਰਨ ਦੇ ਨਾਲ-ਨਾਲ ਪੰਜਾਬ ਦੇ ਨੌਜਵਾਨਾਂ ਨੂੰ ਫੌਜ ਅਤੇ ਅਰਧ-ਸੈਨਿਕ ਬਲਾਂ ਵਿੱਚ ਚੋਣ ਹਿੱਤ ਢੁੱਕਵੀਂ ਸਿਖਲਾਈ ਪ੍ਰਦਾਨ ਕੀਤੀ ਜਾ ਸਕੇ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸੱਤਵੇਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲੇ ਦਾ ਉਦਘਾਟਨ ਵੀ ਕੀਤਾ ਜਿਸ ਦਾ ਟੀਚਾ ਪੰਜਾਬ ਭਰ ਵਿੱਚ 2.5 ਲੱਖ ਅਸਾਮੀਆਂ ਭਰਨਾ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਸਰਕਾਰੀ ਨੌਕਰੀਆਂ ਦੇ ਭਰਤੀ ਇਮਤਿਹਾਨਾਂ ਲਈ ਮੁਫਤ ਆਨਲਾਈਨ ਕੋਚਿੰਗ ਅਤੇ 'ਮੇਰਾ ਕੰਮ ਮੇਰਾ ਮਾਣ' ਸਕੀਮਾਂ ਦੀ ਸ਼ੁਰੂਆਤ ਵੀ ਕੀਤੀ ਤਾਂ ਜੋ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਤਹਿਤ ਰਜਿਸਟਰਡ ਕਾਮਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਰੋਜ਼ਗਾਰ ਸਹਾਇਤਾ ਭੱਤਾ (2500 ਰੁਪਏ ਪ੍ਰਤੀ ਮਹੀਨਾ) ਮੁਹੱਈਆ ਕਰਵਾਇਆ ਜਾ ਸਕੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ (Captain Amarinder Singh) ਨੇ ਆਧੁਨਿਕ ਤਕਨਾਲੋਜੀ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਉਦਯੋਗਿਕ ਖੇਤਰ ਵਿੱਚ ਨੌਕਰੀ ਲਈ ਇਸ ਨੂੰ ਬੇਹੱਦ ਮਹੱਤਵਪੂਰਨ ਦੱਸਿਆ ਜਿਸ ਲਈ ਸੂਬਾ ਸਰਕਾਰ ਵੱਲੋਂ ਮੁਫਤ ਹੁਨਰ ਸਿਖਲਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਹੁਸ਼ਿਆਰਪੁਰ ਦੇ ਬਜਵਾੜਾ ਵਿਖੇ ਇਕ ਨਵਾਂ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ 26.96 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਸੀ.ਡੀ.ਐਸ.ਈ. ਅਤੇ ਐਫਕੈਟ ਇਮਤਿਹਾਨਾਂ ਲਈ ਤਿਆਰ ਕੀਤਾ ਜਾ ਸਕੇ।
ਨੌਜਵਾਨਾਂ ਲਈ ਰੋਜ਼ਗਾਰ ਮੁਹੱਈਆ ਕਰਾਉਣ ਸਬੰਧੀ ਮੁੱਖ ਮੰਤਰੀ ਨੇ ਦੱਸਿਆ ਕਿ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਬੀਤੇ ਚਾਰ ਵਰ੍ਹਿਆਂ ਤੋਂ ਰੋਜ਼ਾਨਾ ਔਸਤਨ 1200 ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸੇ ਨੂੰ ਮੁੱਖ ਰੱਖਦੇ ਹੋਏ ਇਕ ਹੈਲਪਲਾਈਨ ਵੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਸਰਕਾਰੀ/ਨਿੱਜੀ ਨੌਕਰੀਆਂ, ਕੈਰੀਅਰ ਸਬੰਧੀ ਕਾਊਂਸਲਿੰਗ, ਸਵੈ-ਰੋਜ਼ਗਾਰ ਸ਼ੁਰੂ ਕਰਨਾ, ਵਿਦੇਸ਼ਾਂ ਵਿੱਚ ਪੜ੍ਹਾਈ/ਨੌਕਰੀ ਅਤੇ ਹੁਨਰ ਵਿਕਾਸ ਦੀ ਸਿਖਲਾਈ ਸਬੰਧੀ ਨੌਜਵਾਨ ਪੀੜ੍ਹੀ ਦੇ ਸਵਾਲਾਂ ਦਾ ਜਵਾਬ ਦਿੱਤਾ ਜਾ ਸਕੇ। ਮੁੱਖ ਮੰਤਰੀ (Captain Amarinder Singh) ਨੇ ਅੱਗੇ ਦੱਸਿਆ ਕਿ ਇਕ ਹੋਰ ਪਹਿਲਕਦਮੀ ਵਿੱਚ 'ਮਿਸ਼ਨ ਰੈੱਡ ਸਕਾਈ' ਸ਼ੁਰੂ ਕੀਤਾ ਗਿਆ ਹੈ ਤਾਂ ਜੋ ਪੰਜਾਬ ਦੇ ਓਟ ਕਲੀਨਿਕਾਂ ਵਿਖੇ ਇਲਾਜ਼ ਕਰਵਾ ਰਹੇ ਨਸ਼ਾ ਪੀੜਤਾਂ/ਨਸ਼ੇ ਦੇ ਆਦੀਆਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਨੌਕਰੀ ਦੇ ਮੌਕੇ ਯਕੀਨੀ ਬਣਾਏ ਜਾ ਸਕਣ। ਹੁਣ ਤੱਕ 11, 658 ਬੇਰੋਜ਼ਗਾਰ ਸੁਧਰ ਚੁੱਕੇ ਨਸ਼ੇ ਦੇ ਆਦੀ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਅਤੇ 2203 ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਆਪਣੇ ਹੁਨਰ ਵਿੱਚ ਨਿਖਾਰ ਲਿਆਉਣ ਦੀ ਸਿਖਲਾਈ ਦੇਣਾ ਸ਼ੁਰੂ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਦਿਵਿਆਂਗ ਵਿਅਕਤੀਆਂ ਨੂੰ ਮਿਸ਼ਨ ਤਹਿਤ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਹੁਣ ਤੱਕ 430 ਵਿਅਕਤੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਜਿਨ੍ਹਾਂ ਵਿੱਚੋਂ 90 ਨੂੰ ਰੋਜ਼ਗਾਰ ਪ੍ਰਦਾਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਹਰੇਕ ਪਿੰਡ ਵਿੱਚੋਂ 10 ਗਰੀਬ ਤੋਂ ਗਰੀਬ ਬੇਰੋਜ਼ਗਾਰ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨੌਕਰੀਆਂ ਹਾਸਿਲ ਕਰਨ ਵਿੱਚ ਮਦਦ ਕੀਤੀ ਗਈ ਹੈ। ਇਸ ਪਹਿਲਕਦਮੀ ਤਹਿਤ 1, 11, 259 ਉਮੀਦਵਾਰ ਸਵੈ-ਨਿਰਭਰ ਬਣਣ ਵਿੱਚ ਸਫਲ ਹੋਏ ਹਨ ਜਦੋਂ ਕਿ 13, 720 ਨੂੰ ਹੁਨਰ ਸਿਖਲਾਈ ਲਈ ਸਪਾਂਸਰ ਕੀਤਾ ਜਾ ਚੁੱਕਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ ਪੰਜਾਬ ਦੇ ਸਾਰੇ ਜਿਲ੍ਹਿਆਂ ਵਿਚ ਵਰਚੁਅਲ ਅਤੇ ਵਿਵਹਾਰਕ ਤੌਰ ਉਤੇ ਛੇਵਾਂ ਸੂਬਾ ਪੱਧਰੀ ਵਿਸ਼ਾਲ ਰੋਜਗਾਰ ਮੇਲਾ ਤੇ ਵਿਸ਼ਾਲ ਸਵੈ-ਰੋਜ਼ਗਾਰ ਮੇਲੇ ਕਰਵਾਏ ਗਏ ਜਿੱਥੇ 2, 09, 124 ਉਮੀਦਵਾਰਾਂ (91, 360 ਨੌਕਰੀਆਂ ਅਤੇ 1, 17, 764 ਸਵੈ-ਰੋਜ਼ਗਾਰ) ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਸਹੂਲਤ ਮੁਹੱਈਆ ਕਰਵਾਈ ਗਈ।
ਮੁੱਖ ਮੰਤਰੀ ਨੇ ਯਾਦਾਂ ਨੂੰ ਫਰੋਲਦਿਆਂ 9 ਸਤੰਬਰ, 2021 ਜਿਸ ਦਿਨ ਅਸਲ ਉਤਾੜ ਦੀ ਜੰਗ ਦੀ 56ਵੀਂ ਵਰ੍ਹੇਗੰਢ ਮਨਾਈ ਗਈ, ਨੂੰ ਚੇਤੇ ਕੀਤਾ ਜੋ ਸਾਲ 1965 ਦੀ ਭਾਰਤ-ਪਾਕਿ ਜੰਗ ਦੌਰਾਨ ਟੈਂਕਾਂ ਦੇ ਯੁੱਧ ਦੀਆਂ ਵੱਡੀਆਂ ਲੜਾਈਆਂ ਵਿੱਚੋਂ ਇਕ ਹੈ। ਇਸ ਯੁੱਧ ਵਿਚ ਭਾਰਤੀ ਫੌਜ ਵੱਲੋਂ ਕੀਤੀ ਗਹਿਗੱਚ ਲੜਾਈ, ਉਨ੍ਹਾਂ ਦੀ ਮਿਸਾਲੀ ਬਹਾਦਰੀ ਅਤੇ ਕਾਰਗਰ ਰਣਨੀਤੀ ਦੇ ਨਤੀਜੇ ਸਦਕਾ ਜਿੱਤ ਹਾਸਲ ਹੋਈ। ਮੁੱਖ ਮੰਤਰੀ (Captain Amarinder Singh) ਨੇ ਯਾਦ ਕਰਦਿਆਂ ਕਿਹਾ ਕਿ ਇਸ ਜੰਗ ਵਿਚ ਕੰਪਨੀ ਕੁਆਰਟਰ ਮਾਸਟਰ ਹਵਲਦਾਰ ਅਬਦੁਲ ਹਮੀਦ, ਚੌਥਾ ਗ੍ਰੇਨੇਡੀਅਰਜ਼ ਦੀ ਬੇਮਿਸਾਲ ਸੂਰਮਗਤੀ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੂੰ ਰੀਕੋਲਿਜ ਗੰਨ ਨਾਲ ਦੁਸ਼ਮਣ ਦੇ ਕਈ ਟੈਂਕਾਂ ਨੂੰ ਤਬਾਹ ਕਰਨ 'ਤੇ ਸ਼ਹੀਦੀ ਉਪਰੰਤ ਪਰਮ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਆਪਣੇ ਸੰਬੋਧਨ ਵਿਚ ਰੋਜਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪਹਿਲੇ ਪੜਾਅ ਵਿਚ ਸੀ-ਪਾਈਟ ਸੈਂਟਰ 8.5 ਏਕੜ ਰਕਬੇ ਵਿਚ 5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰੀ ਨੌਕਰੀ ਦੇ 11000 ਚਾਹਵਾਨਾਂ ਨੂੰ ਪਹਿਲੇ ਬੈਚ ਦੀ ਮੁਫਤ ਆਨਲਾਈਨ ਕੋਚਿੰਗ ਅੱਜ ਸ਼ੁਰੂ ਹੋਣ ਤੋਂ ਇਲਾਵਾ ਰੋਜ਼ਗਾਰ ਮੇਲੇ ਵੀ ਪੰਜਾਬ ਭਰ ਵਿਚ 84 ਥਾਵਾਂ ਉਤੇ 17 ਸਤੰਬਰ ਤੱਕ ਕਰਵਾਏ ਜਾਣਗੇ। ਸ੍ਰੀ ਚੰਨੀ ਨੇ ਕਿਹਾ ਕਿ ਘਰ-ਘਰ ਰੋਜ਼ਗਾਰ ਪ੍ਰੋਗਰਾਮ ਤਹਿਤ ਸੂਬਾ ਸਰਕਾਰ ਨੇ ਆਲ੍ਹਾ ਦਰਜੇ ਦੇ 22 ਜ਼ਿਲ੍ਹਾ ਰੋਜ਼ਗਾਰ ਤੇ ਉੱਦਮ ਬਿਊਰੋ (ਡੀ.ਬੀ.ਈ.ਈ.) ਸਥਾਪਤ ਕੀਤੇ ਹਨ।
ਆਪਣੇ ਸੰਬੋਧਨ ਵਿੱਚ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨਾਲ 'ਘਰ ਘਰ ਰੋਜ਼ਗਾਰ' ਦੇ ਕੀਤੇ ਵਾਅਦੇ ਨੂੰ ਸਹੀ ਰੂਪ ਵਿੱਚ ਅਮਲੀ ਜਾਮਾ ਪਹਿਨਾਇਆ ਗਿਆ ਹੈ। ਨੌਜਵਾਨਾਂ ਨੂੰ ਉਨ੍ਹਾਂ ਦੀ ਕਾਬਲੀਅਤ ਅਤੇ ਹੁਨਰ ਦੇ ਅਨੁਕੂਲ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਤਿੰਨ ਲਾਭਪਾਤਰੀਆਂ ਥੇਹ ਕਾਂਝਲੀ (ਕਪੂਰਥਲਾ) ਤੋਂ ਸਹਿਜਪਾਲ ਸਿੰਘ (ਸੀ-ਪਾਈਟ ਟਰੇਨਿੰਗ), ਸਹੌਲੀ (ਪਟਿਆਲਾ) ਤੋਂ ਮਹਿਕਦੀਪ ਸਿੰਘ (ਮੇਰਾ ਕੰਮ ਮੇਰਾ ਮਾਣ) ਤੇ ਤਰਨ ਤਾਰਨ ਤੋਂ ਕੋਮਲਪ੍ਰੀਤ ਕੌਰ (ਮੁਫਤ ਆਨਲਾਈਨ ਕੋਚਿੰਗ) ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਧੰਨਵਾਦੀ ਮਤਾ ਪੇਸ਼ ਕਰਦਿਆਂ ਸੀ-ਪਾਈਪ ਕੇਂਦਰ ਦੇ ਰੂਪ ਵਿੱਚ ਸਰਹੱਦੀ ਖੇਤਰ ਨੂੰ ਤੋਹਫ਼ਾ ਦੇਣ ਲਈ ਮੁੱਖ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ।
ਇਸ ਸਮਾਗਮ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਤੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਵੀ ਹਾਜ਼ਰ ਸਨ।