ਕਰਨਾਟਕ : ਇਥੇ ਹੁਣ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆ ਗਿਆ ਹੈ। ਸ਼ਿਵਮੋਗਾ ਵਿਚ 100 ਤੋਂ ਵੱਧ ਕੁੱਤਿਆਂ ਨੂੰ ਪਹਿਲਾਂ ਜ਼ਹਿਰ ਦੇ ਕੇ ਮਾਰਿਆ ਗਿਆ ਅਤੇ ਫਿਰ ਦਫਨਾ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਝ ਜੀਵਤ ਕੁੱਤਿਆਂ ਨੂੰ ਵੀ ਦਫਨਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਗ੍ਰਾਮ ਪੰਚਾਇਤ ਦੇ ਇੱਕ ਅਧਿਕਾਰੀ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। ਸਥਾਨਕ ਪਸ਼ੂ ਅਧਿਕਾਰ ਕਾਰਕੁਨਾਂ ਦੀ ਸ਼ਿਕਾਇਤ ’ਤੇ ਕਮਬਦਲ ਹੋਸੂਰ ਗ੍ਰਾਮ ਪੰਚਾਇਤ ਦੇ ਅਧਿਕਾਰੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਸੁਪਰਡੈਂਟ ਲਕਸ਼ਮੀ ਪ੍ਰਸਾਦ ਨੇ ਦੱਸਿਆ ਕਿ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਕੁੱਤਿਆਂ ਨੂੰ ਮਾਰਨ ਦਾ ਆਦੇਸ਼ ਗ੍ਰਾਮ ਪੰਚਾਇਤ ਨੇ ਦਿੱਤਾ ਸੀ। ਐਸਪੀ ਪ੍ਰਸ਼ਾਦ ਨੇ ਕਿਹਾ ਕਿ ਇਸ ਮਾਮਲੇ ਵਿਚ ਪਸ਼ੂਆਂ ਦੇ ਡਾਕਟਰਾਂ ਦੀ ਟੀਮ ਤੋਂ ਮੌਤ ਦੇ ਕਾਰਨਾਂ ਬਾਰੇ ਰਿਪੋਰਟ ਮੰਗੀ ਗਈ ਹੈ। ਰਿਪੋਰਟ ਦੇ ਆਧਾਰ ’ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਪਸ਼ੂ ਬਚਾਅ ਕਲੱਬ ਦੇ ਕਾਰਕੁਨਾਂ ਨੇ ਦੋਸ਼ ਲਾਇਆ ਕਿ ਗ੍ਰਾਮ ਪੰਚਾਇਤ ਦੇ ਅਧਿਕਾਰੀਆਂ ਨੇ ਇੱਕ ਨਿੱਜੀ ਕੰਪਨੀ ਨੂੰ ਕੁੱਤਿਆਂ ਨੂੰ ਮਾਰਨ ਦਾ ਠੇਕਾ ਦਿੱਤਾ ਹੈ। ਪ੍ਰਾਈਵੇਟ ਕੰਪਨੀ ਨੇ ਇਲਾਕੇ ਦੇ ਕੁਝ ਕੁੱਤਿਆਂ ਨੂੰ ਜ਼ਿੰਦਾ ਦੱਬ ਦਿੱਤਾ ਅਤੇ ਬਾਕੀ ਕੁੱਤਿਆਂ ਨੂੰ ਜ਼ਹਿਰ ਦੇ ਕੇ ਦਫਨਾ ਦਿੱਤਾ। ਇਸ ਦੇ ਨਾਲ ਹੀ ਗ੍ਰਾਮ ਪੰਚਾਇਤ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਾ ਤਾਂ ਕੁੱਤਿਆਂ ਨੂੰ ਮਾਰਨ ਦਾ ਕੋਈ ਆਦੇਸ਼ ਦਿੱਤਾ ਹੈ ਅਤੇ ਨਾ ਹੀ ਠੇਕਾ ਦਿੱਤਾ ਹੈ। ਉਸ ਵਿਰੁੱਧ ਲਾਏ ਦੋਸ਼ ਬੇਬੁਨਿਆਦ ਹਨ। ਕਾਮਬਦਲ ਹੋਸੂਰ ਗ੍ਰਾਮ ਪੰਚਾਇਤ ਦੇ ਸਕੱਤਰ ਬੀ ਮੰਜੂਨਾਥ ਨੇ ਕਿਹਾ ਕਿ ਪੰਚਾਇਤ ਨੇ ਕੁੱਤਿਆਂ ਨੂੰ ਫੜਨ ਜਾਂ ਮਾਰਨ ਦਾ ਆਦੇਸ਼ ਨਹੀਂ ਦਿੱਤਾ ਸੀ। ਉਸ ਵਿਰੁੱਧ ਝੂਠੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਚਾਇਤ ਜਾਂਚ ਵਿਚ ਪੁਲਸ ਦਾ ਸਾਥ ਦੇਵੇਗੀ।