ਲੁਧਿਆਣਾ : ਦੁਨੀਆਂ ਚਲਾਕ ਤੋਂ ਚਲਾਕ ਇਨਸਾਨਾਂ ਨਾਲ ਭਰੀ ਪਈ ਹੈ। ਹੁਣ ਕੈਨੇਡਾ ਜਾਣ ਦੇ ਲਈ ਇੱਕ ਨਸ਼ਾ ਤਸਕਰ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਪਾਸਪੋਰਟ ਬਣਾ ਲਏ। ਪੁਲਿਸ ਨੂੰ ਜਦ ਇਸ ਦਾ ਪਤਾ ਚਲਿਆ ਤਾਂ ਕਾਊਂਟਰ ਇੰਟੈਲੀਜੈਂਸ ਅਤੇ ਸੀਆਈਏ 3 ਦੀ ਟੀਮ ਨੇ ਮੁਲਜ਼ਮ ਰਣਵੀਰ ਸਿੰਘ ਉਰਫ ਰਾਣਾ ਨੂੰ ਕਾਬੂ ਕਰ ਲਿਆ। ਉਸ ਦੇ ਕਬਜ਼ੇ ਤੋਂ ਪੰਜ ਪਾਸਪੋਰਟ, ਤਿੰਨ ਆਧਾਰ ਕਾਰਡ, ਦੋ ਪੈਨ ਕਾਰਡ, ਇੱਕ ਵੋਟਰ ਕਾਰਡ, ਇੱਕ ਡੈਬਿਟ ਕਾਰਡ, ਇੱਕ ਪਾਸਬੁੱਕ, ਇੱਕ ਜਨਮ ਸਰਟੀਫਿਕੇਟ , ਮੈਰਿਜ ਸਰਟੀਫਿਕੇਟ, ਇੱਕ ਪੰਜਵੀਂ ਦਾ ਸਰਟੀਫਿਕੇਟ ਅਤੇ ਤਲਾਕ ਦੇ ਕਾਗਜ਼ਾਤ ਬਰਾਮਦ ਕੀਤੇ। ਫਿਲਹਾਲ ਉਸ ਦੇ ਖ਼ਿਲਾਫ਼ ਥਾਣਾ ਦੁਗਰੀ ਵਿਚ ਮਾਮਲਾ ਦਰਜ ਕਰਕੇ ਦੋ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਏਡੀਸੀਪੀ ਕਰਾਈਮ ਰੁਪਿੰਦਰ ਕੌਰ ਭੱਟੀ, ਏਸੀਪੀ ਪਵਨਜੀਤ ਨੇ ਟੀਮ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ।
ਪੁਲਿਸ ਦੇ ਮੁਤਾਬਕ ਮੁਲਜ਼ਮ ਮੂਲ ਤੌਰ ’ਤੇ ਜੋਧਾਂ ਦੇ ਪਿੰਡ ਨਾਰੰਗਵਾਲ ਦਾ ਰਹਿਣ ਵਾਲਾ ਹੈ। ਇਨ੍ਹਾਂ ਦਿਨਾਂ ਉਹ ਦੁਗਰੀ ਦੇ ਹਿੰਮਤ ਸਿੰਘ ਨਗਰ ਵਿਚ ਕਿਰਾਏ ’ਤੇ ਰਹਿ ਰਿਹਾ ਸੀ। ਮੁਲਜ਼ਮ ਦੇ ਦੋ ਵਿਆਹ ਹੋਏ ਸੀ, ਜਿਸ ਵਿਚੋਂ ਇੱਕ ਵਿਚ ਤਲਾਕ ਲੈ ਲਿਆ ਸੀ। ਉਸ ਦੀ ਭੈਣ ਕੈਨੇਡਾ ਵਿਚ ਹੈ । 2004 ਵਿਚ ਮੁਲਜ਼ਮ ਨੂੰ ਮੋਗਾ ਪੁਲਿਸ ਨੇ 90 ਕਿਲੋ ਭੁੱਕੀ ਦੇ ਨਾਲ ਫੜਿਆ ਸੀ। ਉਸ ਨੂੰ ਦਸ ਸਾਲ ਦੀ ਸਜ਼ਾ ਹੋਈ ਸੀ। ਇਸ ਦੌਰਾਨ ਜਦ ਮੁਲਜ਼ਮ ਪੈਰੋਲ ’ਤੇ ਆਇਆ ਤਾਂ ਉਸ ਨੇ ਪਿੰਡ ਵਿਚ ਹੀ ਰਹਿਣ ਵਾਲੇ ਦੋਸਤ ਸੰਦੀਪ ਦੇ ਨਾਲ ਸੈਟਿੰਗ ਕਰ ਲਈ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਹੈ। ਲੇਕਿਨ ਉਸ ਨੂੰ ਪਾਸਪੋਰਟ ਚਾਹੀਦਾ ਜੋ ਕਿ ਨਹੀਂ ਬਣ ਸਕਦਾ, ਕਿਉਂਕਿ ਉਸ ’ਤੇ ਨਸ਼ਾ ਤਸਕਰੀ ਦਾ ਪਰਚਾ ਹੋ ਗਿਆ ਸੀ।
2012 ਵਿਚ ਮੁਲਜ਼ਮ 52 ਕਿਲੋ ਭੁੱਕੀ ਅਤੇ ਪਿਸਤੌਲ ਦੇ ਨਾਲ ਫੜਿਆ ਗਿਆ ਜਿਸ ਤੋਂ ਬਾਅਦ ਉਕਤ ਮਾਮਲੇ ਵਿਚ ਜ਼ਮਾਨਤ ’ਤੇ ਬਾਹਰ ਆਇਆ ਸੀ। ਮੁਲਜ਼ਮ ਨੇ ਵਿਦੇਸ਼ ਜਾਣ ਲਈ ਸਾਰੀ ਫਾਈਲ ਸੈਟ ਕਰ ਲਈ ਸੀ ਲੇਕਿਨ ਉਸ ਤੋਂ ਪਹਿਲਾਂ ਪੁਲਿਸ ਨੂੰ ਕਿਸੇ ਨੇ ਸੂਚਨਾ ਦੇ ਦਿੱਤੀ। ਜਦ ਰਿਕਾਰਡ ਚੈਕ ਕੀਤਾ ਤਾਂ ਸਾਰੀ ਕਹਾਣੀ ਸਾਹਮਣੇ ਆ ਗਈ। ਇਸ ਤੋਂ ਬਾਅਦ ਉਸ ਨੂੰ ਫੜ ਕੇ ਪਰਚਾ ਦਰਜ ਕਰ ਲਿਆ। ਪੁਲਿਸ ਨੂੰ ਸ਼ੱਕ ਹੈ ਕਿ ਇਸ ਵਿਚ ਕੁਝ ਲੋਕ ਵੀ ਸ਼ਾਮਲ ਹਨ ਜਿਸ ਦੀ ਮਦਦ ਨਾਲ ਉਹ ਪਾਸਪੋਰਟ ਬਣਾਉਂਦਾ ਰਿਹਾ ਹੈ। ਉਸ ਦੇ ਬਾਰੇ ਵਿਚ ਦੋ ਦਿਨ ਦੇ ਰਿਮਾਂਡ ਦੌਰਾਨ ਪੁਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਦੱਸਿਆ ਕਿ ਜਿਸ ਸੰਦੀਪ ਨੇ ਅਪਣੇ ਨਾਂ ਦੇ ਦਸਤਾਵਜ਼ ਦੇ ਕੇ ਪਾਸਪੋਰਟ ਬਣਾਉਣ ਵਿਚ ਮਦਦ ਕੀਤੀ ਉਹ ਵੀ ਕਿਸੇ ਫਰਜ਼ੀ ਨਾਂ ਤੋਂ ਲੁਕ ਕੇ ਰਹਿ ਰਿਹਾ ਹੈ।