ਨਵੀਂ ਦਿੱਲੀ : ਦਿੱਲੀ ਏਅਰਪੋਰਟ ’ਤੇ ਅੱਤਵਾਦੀ ਵੱਡਾ ਹਮਲਾ ਕਰ ਸਕਦੇ ਹਨ। ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ਏਅਰਪੋਰਟ ’ਤੇ ਸੁਰੱਖਿਆ ਦੇ ਵੱਡੇ ਇੰਤਜ਼ਾਮ ਕੀਤੇ ਗਏ ਹਨ। ਏਅਰਪੋਰਟ ’ਤੇ 15 ਅਗਸਤ ਅਤੇ 26 ਜਨਵਰੀ ਜਿਹੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਯਾਤਰੀਆਂ ਦੀ ਪੂਰੀ ਸਖ਼ਤੀ ਨਾਲ ਮੈਨੁਅਲ ਚੈਕਿੰਗ ਕੀਤੀ ਜਾ ਰਹੀ ਹੈ। ਹਰ ਲਗੇਜ ਅਤੇ ਹੈਂਡਬੈਗ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਹੈ।
ਅਲਰਟ ਮਿਲਣ ਬਾਅਦ ਬਿਊਰੋ ਆਫ਼ ਸਿਵਲ ਐਵੀਏਸ਼ਨ ਸਿਕਿਉਰਿਟੀ ਨੇ ਦੇਸ਼ ਦੇ ਰੁਝੇਵੇਂ ਭਰੇ ਹਵਾਈ ਅੱਡਿਆਂ ’ਤੇ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਅੱਤਵਾਦੀ ਹਮਲੇ ਦੀ ਸੰਭਾਵਨਾ ਨੂੰ ਦੇਖਦੇ ਹੋਏ ਯਾਤਰੀਆਂ ਦੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਮੈਨੁਅਲ ਜਾਂਚ ਕੀਤੀ ਜਾ ਰਹੀ ਹੈ। ਇੱਕ-ਇੱਕ ਯਾਤਰੀ ਨੂੰ ਚੰਗੀ ਤਰ੍ਹਾਂ ਜਾਂਚਣ ਬਾਅਦ ਹੀ ਏਅਰਪੋਰਟ ਦੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਨੇ ਸੁਰੱਖਿਆ ਵਿੱਚ ਲਾਪਰਵਾਹੀ ਨਹੀਂ ਵਰਤਣ ਦੇ ਹੁਕਮ ਦਿੱਤੇ ਹਨ।
ਯਾਤਰੀਆਂ ਨੂੰ ਸਮੇਂ ’ਤੇ ਏਅਰਪੋਰਟ ’ਤੇ ਪਹੁੰਚਣ ਲਈ ਕਿਹਾ ਗਿਆ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਅਫ਼ਗਾਨਿਸਤਾਨ ਵਿੱਚ ਬਦਲਦੇ ਹਾਲਾਤ ਅਤੇ ਪਿਛਲੇ ਕੁਝ ਦਿਨਾਂ ਤੋਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੇ ਦਾਖ਼ਲ ਹੋਣ ਦੀ ਜਾਣਕਾਰੀ ਮਿਲਣ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ ਕਿ ਜੰਮੂ-ਕਸ਼ਮੀਰ ਵਿੱਚ ਕੁਝ ਵੱਡੇ ਅੱਤਵਾਦੀ ਦਾਖ਼ਲ ਹੋਏ ਹਨ, ਜਿਨ੍ਹਾਂ ਵਿੱਚ ਅਫ਼ਗਾਨਿਸਤਾਨ ਵਿੱਚੋਂ ਭੱਜੇ ਹੋਏ ਅੱਤਵਾਦੀ ਵੀ ਸ਼ਾਮਲ ਹਨ। ਇਸ ਨੂੰ ਦੇਖਦੇ ਹੋਏ ਪੂਰੇ ਦੇਸ਼ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਹਵਾਈ ਅੱਡਿਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।