ਨਵੀਂ ਦਿੱਲੀ: ਕੇਂਦਰੀ ਕੈਬਨਿਟ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸਰਕਾਰ ਨੇ ਮਾਰਕੀਟਿੰਗ ਸੀਜ਼ਨ 2022-23 ਲਈ ਹਾੜ੍ਹੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਕੇਂਦਰ ਨੇ ਕਣਕ, ਜੌਂ, ਛੋਲਿਆਂ, ਦਾਲਾਂ, ਸਰ੍ਹੋਂ ਤੇ ਕੇਸਰ ਦੇ ਐਮਐਸਪੀ 'ਚ ਵਾਧਾ ਕੀਤਾ ਹੈ। ਦੱਸ ਦਈਏ ਕਿ ਦਾਲ ਤੇ ਸਰ੍ਹੋਂ ਦੇ ਐਮਐਸਪੀ 'ਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ ਵਿੱਚ 400 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਛੋਲਿਆਂ ਦਾ ਐਮਐਸਪੀ 130 ਰੁਪਏ, ਕੇਸਰ ਦਾ ਐਮਐਸਪੀ 114 ਰੁਪਏ ਤੇ ਕਣਕ ਤੇ ਜੌ ਦਾ ਐਮਐਸਪੀ ਕ੍ਰਮਵਾਰ 40 ਰੁਪਏ ਤੇ 35 ਰੁਪਏ ਵਧਾਇਆ ਗਿਆ ਹੈ।
ਮੰਤਰੀ ਮੰਡਲ ਨੇ ਮਾਰਕੀਟਿੰਗ ਸਾਲ 2022-23 ਲਈ ਕਣਕ ਦੇ ਐਮਐਸਪੀ ਨੂੰ 40 ਰੁਪਏ ਪ੍ਰਤੀ ਕੁਇੰਟਲ ਵਧਾ ਕੇ 2015 ਰੁਪਏ ਕਰ ਦਿੱਤਾ ਹੈ। ਇਸ ਤੋਂ ਇਲਾਵਾ ਛੋਲਿਆਂ ਦਾ ਘੱਟੋ-ਘੱਟ ਸਮਰਥਨ ਮੁੱਲ 130 ਰੁਪਏ ਵਧਾ ਕੇ 5, 100 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸ ਵਾਰ ਤੇਲ ਬੀਜਾਂ ਵਿੱਚ ਸਭ ਤੋਂ ਵੱਧ ਵਾਧਾ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਸਰ੍ਹੋਂ ਦੇ ਐਮਐਸਪੀ ਵਿੱਚ 400 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਕੇ 4, 650 ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਦਾਲ ਵੀ 400 ਰੁਪਏ ਵਧਾ ਕੇ 5, 100 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ। ਜੌਂ ਦਾ ਐਮਐਸਪੀ 1600 ਰੁਪਏ ਤੋਂ ਵਧਾ ਕੇ 1635 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਨੇ ਸੂਰਜਮੁਖੀ ਦੇ ਐਮਐਸਪੀ ਨੂੰ 114 ਰੁਪਏ ਪ੍ਰਤੀ ਕੁਇੰਟਲ ਵਧਾ ਕੇ 5327 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਕੇਂਦਰ ਸਰਕਾਰ ਮੁਤਾਬਕ ਹਾੜ੍ਹੀ ਦੀਆਂ ਫਸਲਾਂ ਦੇ ਮਾਰਕੀਟਿੰਗ ਸਾਲ 2022-23 ਲਈ ਕੀਤਾ ਗਿਆ ਵਾਧਾ ਆਮ ਬਜਟ 2018-19 ਵਿੱਚ ਕੀਤੇ ਗਏ ਐਲਾਨਾਂ ਅਨੁਸਾਰ ਹੈ। ਉਦੋਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਲਾਗਤ ਦੇ ਘੱਟੋ-ਘੱਟ ਡੇਢ ਗੁਣਾ ਦੇ ਬਰਾਬਰ ਕੀਤਾ ਜਾਵੇਗਾ। ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੀ ਉਚਿਤ ਕੀਮਤ ਮਿਲੇਗੀ ਤੇ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਅਨੁਮਾਨਾਂ ਅਨੁਸਾਰ ਘੱਟੋ ਘੱਟ ਸਮਰਥਨ ਮੁੱਲ ਵਧਾਉਣ ਤੋਂ ਬਾਅਦ ਕਿਸਾਨਾਂ ਨੂੰ ਸਰ੍ਹੋਂ ਦੀ ਕੀਮਤ ਤੋਂ 100% ਲਾਭ ਮਿਲੇਗਾ। ਇਸ ਦੇ ਨਾਲ ਹੀ 79 ਫ਼ੀਸਦੀ ਕੀਮਤ ਦਾਲ 'ਤੇ, 74 ਫ਼ੀਸਦੀ ਛੋਲਿਆਂ 'ਤੇ ਅਤੇ 50 ਫ਼ੀਸਦੀ ਸੂਰਜਮੁਖੀ 'ਤੇ ਮਿਲੇਗੀ।