17 ਕਿੱਲੋ ਹੈਰੋਇਨ ਬਰਮਾਦਗੀ ਮਾਮਲਾ: ਪੰਜਾਬ ਪੁਲਿਸ ਦੇ ਨਿਰੰਤਰ ਯਤਨਾਂ ਸਦਕਾ ਜੰਮੂ ਤੇ ਕਸ਼ਮੀਰ ਅਧਾਰਤ ਨਸ਼ਾ ਤਸਕਰਾਂ ਕੋਲੋਂ 21 ਕਿੱਲੋ ਹੈਰੋਇਨ ਅਤੇ 1.9 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ
ਦੋ ਮੁੱਖ ਨਸ਼ਾ ਤਸਕਰ ਵੀ ਗਿ੍ਰਫਤਾਰ ; ਤੀਜੇ ਸਾਥੀ ਨੂੰ ਕਾਬੂ ਕਰਨ ਲਈ ਯਤਨ ਜਾਰੀ: ਡੀਜੀਪੀ
ਚੰਡੀਗੜ੍ਹ/ਅੰਮ੍ਰਿਤਸਰ (ਸੱਚੀ ਕਲਮ ਬਿਊਰੋ) : ਪੰਜਾਬ ਪੁਲਿਸ ਤੋਂ ਮਿਲੀ ਪੁਖਤਾ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਜੰਮੂ-ਕਸ਼ਮੀਰ ਪੁਲਿਸ ਅਤੇ ਭਾਰਤੀ ਫੌਜ ਵਲੋਂ ਚਲਾਏ ਸਾਂਝੇ ਆਪ੍ਰੇਸ਼ਨ ਤਹਿਤ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਤੋਂ 1.64 ਕਰੋੜ ਰੁਪਏ ਦੀ ਡਰੱਗ ਮਨੀ ਨਾਲ ਭਰੇ ਦੋ ਬੈਗ ਬਰਾਮਦ ਕੀੇਤੇ ਗਏ ।
ਇਹ ਡਰੱਗ ਮਨੀ ਕਥਿਤ ਤੌਰ ’ਤੇ ਅੰਮਿ੍ਰਤਸਰ ਦਿਹਾਤੀ ਪੁਿਲਸ ਵਲੋਂ 26 ਅਗਸਤ, 2021 ਨੂੰ ਜ਼ਬਤ ਕੀਤੀ 17 ਕਿਲੋ ਹੈਰੋਇਨ ਨਾਲ ਸਬੰਧਤ ਦੱਸੀ ਜਾਂਦੀ ਹੈ । ਪੁਲਿਸ ਵਲੋਂ ਇਹ ਬਰਾਮਦਗੀ ਅੰਮਿ੍ਰਤਸਰ ਅਧਾਰਤ ਰਣਜੀਤ ਸਿੰਘ ਉਰਫ ਸੋਨੂ, ਜੋ ਆਪਣੀ ਟੋਇਓਟਾ ਇਨੋਵਾ ਕੈਬ ਤੇ ਹੇਠਲੇ ਭਾਗ ਵਿੱਚ ਵਿਸ਼ੇਸ਼ ਤੌਰ ’ਤੇ ਫਿੱਟ ਕੀਤੇ ਕੰਪਾਰਟਮੈਂਟ ਰਾਹੀਂ ਤਸਕਰੀ ਕਰ ਰਿਹਾ ਸੀ, ਕੋਲੋਂ ਕੀਤੀ ਗਈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ (DGP Punjab) ਦਿਨਕਰ ਗੁਪਤਾ ਨੇ ਦੱਸਿਆ ਕਿ ਜਾਂਚ ਦੌਰਾਨ ਸੋਨੂੰ ਨੇ ਖੁਲਾਸਾ ਕੀਤਾ ਕਿ ਉਸਨੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਇਲਾਕੇ ਦੇ ਨਸ਼ਾ ਤਸਕਰਾਂ ਤੋਂ ਨਸ਼ੇ ਦੀ ਖੇਪ ਪ੍ਰਾਪਤ ਕੀਤੀ ਸੀ, ਜਿਹਨਾਂ ਦੀ ਪਛਾਣ ਸਿਕੰਦਰ ਹਯਾਤ ਅਤੇ ਜ਼ਫ਼ਰ ਹੁਸੈਨ ਵਜੋਂ ਕੀਤੀ ਗਈ ਹੈ।
ਡੀਜੀਪੀ ਨੇ ਕਿਹਾ ਕਿ ਸੋਨੂੰ ਵਲੋਂ ਦਿੱਤੀ ਜਾਣਕਾਰੀ ’ਤੇ ਪੰਜਾਬ ਤੋਂ ਇੱਕ ਪੁਲਿਸ ਟੀਮ ਨੌਸ਼ਹਿਰਾ ਭੇਜੀ ਗਈ, ਜੋ 29 ਅਗਸਤ, 2021 ਨੂੰ ਸਿਕੰਦਰ ਅਤੇ ਜਫਰ ਨੂੰ ਗਿ੍ਰਫਤਾਰ ਕਰਨ ਵਿੱਚ ਕਾਮਯਾਬ ਰਹੀ। ਬਾਅਦ ਵਿੱਚ ਸਿਕੰਦਰ ਅਤੇ ਜਫਰ ਦੇ ਖੁਲਾਸਿਆਂ ਤੇ, ਪੰਜਾਬ ਦੀਆਂ ਪੁਲਿਸ ਟੀਮਾਂ ਨੇ, ਨੌਸ਼ਹਿਰਾ ਸਥਿਤ ਉਨਾਂ ਦੇ ਘਰ ਤੋਂ 29.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਉਨਾਂ ਕਿਹਾ ਸਿਕੰਦਰ ਅਤੇ ਜਫਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਿਸ ਨੇ ਸ਼ਨੀਵਾਰ ਨੂੰ 4 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਸੀ, ਜੋ ਕਿ ਬੜੀ ਚਲਾਕੀ ਨਾਲ ਉਸੇ ਇਨੋਵਾ ਕਾਰ ਦੇ ਦਰਵਾਜ਼ਿਆਂ ਵਿੱਚ ਛੁਪਾਈ ਗਈ ਸੀ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਹੋਰ ਜਾਂਚ ਦੌਰਾਨ ਦੋਵਾਂ ਨੇ ਡਰੱਗ ਮਨੀ ਬਾਰੇ ਖੁਲਾਸਾ ਕੀਤਾ, ਜੋ ਉਨਾਂ ਦੇ ਤੀਜੇ ਸਾਥੀ ਮੰਜੂਰ ਹੁਸੈਨ ਨੇ ਆਪਣੇ ਘਰ ਛੁਪਾਈ ਹੋਈ ਸੀ। ਅੰਮਿ੍ਰਤਸਰ (ਦਿਹਾਤੀ) ਪੁਲਿਸ ਦੁਆਰਾ ਮੁਹੱਈਆ ਕਰਵਾਈ ਗਈ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਜੰਮੂ-ਕਸ਼ਮੀਰ ਪੁਲਿਸ ਨੇ ਫੌਜ ਦੇ ਨਾਲ ਇੱਕ ਜਾਂਚ ਮੁਹਿੰਮ ਸ਼ੁਰੂ ਕੀਤੀ ਜਿਸ ਤਹਿਤ ਪੁਲਿਸ ਦੋ ਬੈਗਾਂ ਵਿੱਚੋਂ 1, 64, 70, 600 ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਵਿੱਚ ਕਾਮਯਾਬ ਰਹੀ।
ਐਸਐਸਪੀ ਗੁਲਨੀਤ ਸਿੰਘ ਨੇ ਦੱਸਿਆ ਕਿ ਜੰਮੂ -ਕਸ਼ਮੀਰ ਪੁਲਿਸ ਨੇ ਥਾਣਾ ਨੌਸ਼ਹਿਰਾ ਵਿਖੇ ਧਾਰਾ 17, 21 ਗੈਰਕਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਐਫਆਈਆਰ ਨੰਬਰ 184/2021 ਦਰਜ ਕੀਤੀ ਹੈ ਅਤੇ ਹੈਰੋਇਨ ਦੀ ਸਮਗਲਿੰਗ ਅਤੇ ਵੰਡ ਨਾਲ ਸਬੰਧਤ ਪੂਰੇ ਨੈੱਟਵਰਕ ਦਾ ਭਾਂਡਾ ਭੰਨਣ ਲਈ ਅਗਲੇਰੀ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਸੋਨੂੰ ਨੇ ਪਹਿਲਾਂ ਜੇਲ-ਲਿੰਕ ਬਾਰੇ ਖੁਲਾਸਾ ਕੀਤਾ ਸੀ ਅਤੇ ਇਹ ਵੀ ਦੱਸਿਆ ਸੀ ਕਿ ਉਸਨੇ ਇਹ ਖੇਪ ਤਰਨਤਾਰਨ ਪੱਟੀ ਦੇ ਰਣਜੀਤ ਸਿੰਘ ਉਰਫ ਰਾਣਾ (ਇਸ ਵੇਲੇ ਫਰੀਦਕੋਟ ਜੇਲ ਵਿੱਚ ਬੰਦ) ਅਤੇ ਮਲਕੀਤ ਸਿੰਘ ਉਰਫ ਲੱਡੂ (ਮੁਕਤਸਰ ਜੇਲ ਵਿੱਚ ਬੰਦ) ਦੇ ਨਿਰਦੇਸ਼ਾਂ ‘ਤੇ ਚੁੱਕੀ ਸੀ।