ਮੋਹਾਲੀ (ਸੱਚੀ ਕਲਮ ਬਿਊਰੋ) : ਬੇਰੁਜ਼ਗਾਰ ਸਟੈਨੋ ਯੂਨੀਅਨ (Steno Union) ਦੇ ਮੈਂਬਰਾਂ ਨੇ ਗੱਲ ਕਰਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਦਾ ਹਰ ਇੱਕ ਵਰਗ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਮੀਂਹਾਂ, ਧੁੱਪਾਂ ਨੂੰ ਸਹਾਰਦਿਆਂ ਹੋਇਆਂ ਰਾਤਾਂ ਵੀ ਸੜਕਾਂ 'ਤੇ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਪੰਜਾਬ ਸਰਕਾਰ (Punjab Government) ਇਨ੍ਹਾਂ ਵਰਗਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਆਪਸੀ ਕਾਟੋ-ਕਲੇਸ਼ ਵਿੱਚ ਉਲਝੀ ਪਈ ਹੈ ਤੇ ਇੱਕ ਦੂਜੇ ਦੀਆਂ ਪ੍ਰਧਾਨਗੀਆਂ ਖੋਹਣ ਤੇ ਲੈਣ ਵਿੱਚ ਵਿਅਸਥ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਦਾ ਵਿਦਿਆਰਥੀ ਵਰਗ ਮਹਿੰਗੀਆਂ ਤੇ ਉੱਚੀਆਂ ਡਿਗਰੀਆਂ ਹਾਸਿਲ ਕਰਨ ਤੋਂ ਬਾਅਦ ਵੀ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।
ਸਰਕਾਰੀ ਮਹਿਕਮਿਆਂ ਵਿੱਚ ਹਜ਼ਾਰਾਂ ਹੀ ਖਾਲੀ ਆਸਾਮੀਆਂ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ (Punjab Government) ਵੱਲੋਂ ਇਨ੍ਹਾਂ ਅਦਾਰਿਆਂ ਵਿੱਚ ਕਰਮਚਾਰੀ ਭਰਤੀ ਕਰਨ ਵੱਲ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਪੜ੍ਹੇ-ਲਿਖੇ ਹਜ਼ਾਰਾਂ ਲੱਖਾਂ ਹੀ ਬੇਰੁਜ਼ਗਾਰ ਸਰਕਾਰਾਂ ਦੇ ਖਿਲਾਫ ਸੜਕਾਂ ਤੇ ਉਤਰ ਕੇ ਆਪਣੇ ਰੋਜ਼ਗਾਰ ਦੀ ਮੰਗ ਦੀ ਪੂਰਤੀ ਲਈ ਰੋਸ ਮੁਜ਼ਾਹਰੇ, ਧਰਨੇ ਆਦਿ ਕਰਨ ਲਈ ਮਜਬੂਰ ਹਨ ਪ੍ਰੰਤੂ ਇਸ ਸਭ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਸ ਪਾਸੇ ਰਤਾ ਵੀ ਧਿਆਨ ਨਹੀਂ ਦੇ ਰਹੀ ਜੋ ਕਿ ਪੰਜਾਬ ਦੀ ਨੌਜਵਾਨੀ ਨਾਲ ਸਰਾਸਰ ਧੱਕਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬੀ ਬੇਰੁਜ਼ਗਾਰ ਸਟੈਨੋ ਯੁਨੀਅਨ (Steno Union) ਪੰਜਾਬ ਵੱਲੋਂ ਅੱਜ ਧਰਨੇ ਦੇ 16 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਹਾਲਾਂਕਿ ਪੰਜਾਬ ਸਰਕਾਰ (Punjab Government) ਨੇ ਕਈ ਵਜ਼ੀਰ ਅਤੇ ਅਨੇਕਾਂ ਹੀ ਉੱਚ ਅਧਿਕਾਰੀਆਂ ਦਾ ਅਧੀਨ ਸੇਵਾਵਾਂ ਬੋਰਡ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਹੁਣ ਤੱਕ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ ਜਿਸ ਕਾਰਨ ਸਟੈਨੋ ਵਿਦਿਆਰਥੀਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਇਹੀ ਮੰਗ ਕੀਤੀ ਕਿ ਉਹ ਜਲਦ ਹੀ ਪੰਜਾਬੀ ਸਟੈਨੋ ਦੀਆਂ ਪੋਸਟਾਂ ਦਾ ਨੌਟੀਫਿਕੇਸ਼ਨ ਜਾਰੀ ਕਰਕੇ ਭਰਤੀ ਪ੍ਰਕਿਰਿਆ ਮੁਕੰਮਲ ਕਰੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਘਰ ਘਰ ਰੋਜ਼ਗਾਰ ਦਾ ਸੁਪਨਾ ਪੂਰਾ ਕਰੇ।