ਫਲੋਰਿਡਾ : ਅਮਰੀਕਾ ਦੇ ਫਲੋਰਿਡਾ ਵਿਚ ਬੁਲਟਪਰੂਫ ਜੈਕਟ ਪਾ ਕੇ ਹਥਿਆਰਾਂ ਨਾਲ ਲੈਸ ਇੱਕ ਵਿਅਕਤੀ ਨੇ ਇੱਕ ਮਹਿਲਾ ਅਤੇ ਉਸ ਦੀ ਤਿੰਨ ਮਹੀਨੇ ਦੀ ਬੱਚੀ ਸਣੇ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਫਲੋਰਿਡਾ ਦੇ ਇੱਕ ਸ਼ੈਰਿਫ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪੁਲਿਸ ਨਾਲ ਹੋਈ ਮੁਠਭੇੜ ਵਿਚ ਜ਼ਖਮੀ ਹੋਣ ’ਤੇ ਹਮਲਾਵਰ ਨੇ ਆਤਮ ਸਮਰਪਣ ਕਰ ਦਿੱਤਾ। ਇੱਕ 11 ਸਾਲਾ ਲੜਕੀ ਜਿਸ ਨੂੰ ਸੱਤ ਗੋਲੀਆਂ ਲੱਗੀਆਂ ਸਨ, ਉਹ ਘਟਨਾ ਵਿਚ ਬਚ ਗਈ ਹੈ। ਪੋਕ ਕਾਊਂਟੀ ਦੇ ਸ਼ੈਰਿਫ ਗ੍ਰੇਜੀ ਜੂਡ ਨੇ ਕਾਨਫਰੰਸ ਵਿਚ ਦੱਸਿਆ ਕਿ ਹਮਲਾਵਰ ਦੀ ਪਛਾਣ 33 ਸਾਲ ਦੇ ਬਰਾਇਨ ਰਿਲੇ ਦੇ ਰੂਪ ਵਿਚ ਕੀਤੀ ਗਈ ਹੈ। ਐਤਵਾਰ ਦੀ ਸਵੇਰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਵੀ ਉਹ ਕਾਫੀ ਹਮਲਾਵਰ ਸੀ। ਉਸ ਨੇ ਹਸਪਤਾਲ ਵਿਚ ਇੱਕ ਪੁਲਿਸ ਕਰਮੀ ਕੋਲੋਂ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ। ਜੂਡ ਨੇ ਕਿਹਾ ਕਿ ਰਿਲੇ ਇਰਾਕ ਅਤੇ ਅਫਗਾਨਿਸਤਾਨ ਵਿਚ ਸ਼ਾਰਪ ਸ਼ੂਟਰ ਦੇ ਤੌਰ ’ਤੇ ਕੰਮ ਕਰ ਚੁੱਕਾ ਹੈ। ਅਜਿਹਾ ਲੱਗਦਾ ਹੈ ਕਿ ਮਾਨਸਿਕ ਬਿਮਾਰੀ ਨਾਲ ਪੀੜਤ ਹੈ ਅਤੇ ਉਸ ਨੇ ਅਚਾਨਕ ਹੀ ਲੋਕਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜੂਡ ਨੇ ਕਿਹਾ ਕਿ ਰਿਲੇ ਦੀ ਪ੍ਰੇਮਿਕਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਰਿਲੇ ਨੇ ਉਸ ਨੂੰ ਕਈ ਵਾਰ ਕਿਹਾ ਸੀ ਕਿ ਉਹ ਸਿੱਧੇ ਭਗਵਾਨ ਨਾਲ ਗੱਲਬਾਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਿਲੇ ਨੇ ਪੁਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਅਪਣੇ ਜੀਵਨ ਲਈ ਭੀਖ ਮੰਗੀ ਅਤੇ ਮੈਂ ਉਨ੍ਹਾਂ ਮਾਰ ਦਿੱਤਾ।
ਹੋਰ ਅਹਿਮ ਖ਼ਬਰਾਂ ਲਈ ਇਥੇ ਕਲਿਕ ਕਰੋ