ਨਵੀਂ ਦਿੱਲੀ : ਇਸ ਸਾਲ 26 ਜਨਵਰੀ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੱਢੀ ਗਈ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹਰਿਆਣਾ ਦੇ ਪਿੰਡ ਕੰਡੇਲਾ ਦਾ ਇਕ 28 ਸਾਲਾ ਨੌਜਵਾਨ ਲਾਪਤਾ ਹੋ ਗਿਆ ਸੀ ਜੋ ਕਰੀਬ ਸਾਢੇ ਸੱਤ ਮਹੀਨਿਆਂ ਬਾਅਦ ਅਪਣੇ ਘਰ ਪਹੁੰਚਿਆ ਹੈ। ਇਕ ਗ਼ੈਰ ਸਰਕਾਰੀ ਸੰਸਥਾ ਦੇ ਕਰਮਚਾਰੀਆਂ ਨੇ ਉਸ ਨੂੰ ਉਸ ਦੇ ਘਰ ਪਹੁੰਚਾਇਆ। ਆਸ਼ਰਮ ਅਧਿਕਾਰ ਅਭਿਆਨ ਸੰਸਥਾ ਦੇ ਮੁੱਖ ਸਾਜਨ ਲਾਲ ਨੇ ਦਸਿਆ ਕਿ ਬਜਿੰਦਰ ਉਨ੍ਹਾਂ ਨੂੰ ਫ਼ਰਵਰੀ ਵਿਚ ਦਿੱਲੀ ਦੇ ਕਸ਼ਮੀਰੀ ਗੇਟ ਕੋਲ ਇਕ ਫ਼ਲਾਈ ਓਵਰ ਦੇ ਹੇਠਾਂ ਨਗਨ ਅਵਸਥਾ ਵਿਚ ਮਿਲਿਆ ਸੀ, ਜਿਸ ਦੇ ਪੈਰ ਸੁੱਜੇ ਹੋਏ ਸਨ ਅਤੇ ਉਸ ਦੇ ਸਰੀਰ ਉਤੇ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਕਿਹਾ, “ਉਸ ਦੀ ਮਾਨਸਿਕ ਸਥਿਤੀ ਚੰਗੀ ਨਹੀਂ ਸੀ। ਸੰਸਥਾ ਨੇ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ। ਕੁਝ ਦਿਨ ਪਹਿਲਾਂ ਉਸ ਨੇ ਅਪਣੇ ਪ੍ਰਵਾਰਕ ਮੈਂਬਰਾਂ ਬਾਰੇ ਦਸਿਆ, ਜਿਸ ਤੋਂ ਬਾਅਦ ਸਨਿਚਰਵਾਰ ਨੂੰ ਉਸ ਨੂੰ ਘਰ ਭੇਜ ਦਿਤਾ ਗਿਆ।
ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਇਲਾਜ ਅਜੇ ਵੀ ਜਾਰੀ ਹੈ। ਯਾਦ ਰਹੇ ਕਿ 11 ਜੂਨ ਨੂੰ ਕੰਡੇਲਾ ਪਿੰਡ ਦੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਬਜਿੰਦਰ ਦੀ ਭਾਲ ਲਈ ਤਤਕਾਲੀ ਡਿਪਟੀ ਕਮਿਸ਼ਨਰ ਆਦਿਤਿਆ ਦਹੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਪਿੰਡ ਵਾਸੀਆਂ ਨੂੰ ਲੈ ਕੇ ਦਿੱਲੀ ਵੀ ਗਈ ਸੀ ਪਰ ਉਹ ਨਹੀਂ ਮਿਲਿਆ ਸੀ। ਇਸ ਸਾਲ 26 ਜਨਵਰੀ ਮੌਕੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਸੀ, ਜਿਸ ਵਿਚ ਹਿੰਸਾ ਭੜਕ ਗਈ ਸੀ।