ਮੋਹਾਲੀ (ਸੱਚੀ ਕਲਮ ਬਿਊਰੋ) : ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਓਵੇਂ ਓਵੇਂ ਹੀ ਪੰਜਾਬ ਵਿੱਚ ਹਰ ਪਾਰਟੀ ਵੱਲੋਂ ਆਪਣਿਆਂ ਦਾਅਵਿਆਂ ਦੀ ਪੰਡ ਵਿੱਚੋਂ ਲਾਰਿਆਂ ਦੇ ਲਾਲੀਪਾਪ ਕੱਢੇ ਜਾ ਰਹੇ ਹਨ ਤੇ ਪੰਜਾਬ ਸਰਕਾਰ ਤਾਂ ਆਪਣੇ 90 ਫੀ ਸਦੀ ਵਾਅਦੇ ਪੂਰੇ ਕਰਨ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਦਾ ਹਰ ਵਰਗ ਚਾਹੇ ਉਹ ਕਿਸਾਨ, ਮਜ਼ਦੂਰ, ਕਰਮਾਚਾਰੀ ਜਾਂ ਵਿਦਿਆਰਥੀ ਵਰਗ ਹੋਵੇ ਹਰ ਇੱਕ ਨੂੰ ਆਪਣੇ ਹੱਕ ਪ੍ਰਾਪਤ ਕਰਨ ਲਈ ਦਿਨ ਰਾਤ ਸੜਕਾਂ 'ਤੇ ਰੁਲਣਾ ਪੈ ਰਿਹਾ ਹੈ।
ਇਸੇ ਤਰ੍ਹਾਂ ਹੀ ਅਧੀਨ ਸੇਵਾਵਾਂ ਬੋਰਡ ਮੋਹਾਲੀ ਦੇ ਮੁੱਖ ਗੇਟ ਅੱਗੇ ਲਗਾਤਾਰ ਕਈ ਦਿਨਾਂ ਤੋਂ ਪੰਜਾਬੀ ਸਟੈਨੋ ਟਾਈਪਿਸਟਾਂ ਵੱਲੋਂ ਪੰਜਾਬੀ ਸਟੈਨੋ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਵਾਉਣ ਲਈ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ। ਕਮੇਟੀ ਦੇ ਮੈਂਬਰਾਂ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਗਿਆ ਹੈ ਕਿ ਉਨ੍ਹਾਂ ਸਾਰੇ ਹੀ ਵਿਦਿਆਰਥੀਆਂ ਨੂੰ ਤਕਰੀਬਨ 4 ਤੋਂ 5 ਸਾਲ ਦਾ ਸਮਾਂ ਹੋ ਗਿਆ ਹੈ। ਉਹ ਪੰਜਾਬੀ ਸਟੈਨੋ ਦੇ ਪੇਪਰ ਦੀ ਤਿਆਰੀ ਵਿੱਚ ਜੁਟੇ ਹੋਏ ਹਨ ਕਿਉਂਕਿ ਜਦੋਂ ਪੰਜਾਬ ਕਾਂਗਰਸ 2017 ਵਿੱਚ ਸੱਤਾ ਵਿੱਚ ਆਈ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਵਾਅਦਾ ਸੀ ਕਿ ਪੰਜਾਬ ਦੇ ਹਰ ਬੇਰੁਜ਼ਗਾਰ ਨੂੰ ਘਰ-ਘਰ ਰੋਜ਼ਗਾਰ ਦਿੱਤਾ ਜਾਵੇਗਾ।
ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ਕੈਪਟਨ ਅਮਰਿੰਦਰ ਸਿੰਘ ਤੋਂ ਰੋਜ਼ਗਾਰ ਦੀ ਆਸ ਰੱਖਦਿਆਂ ਆਪਣੀ ਅਤੇ ਆਪਣੇ ਪਰਿਵਾਰ ਦੀ ਇੱਕ-ਇੱਕ ਵੋਟ ਪਾ ਕੇ ਉਨ੍ਹਾਂ ਨੂੰ ਸੱਤਾ 'ਤੇ ਕਾਬਜ਼ ਕਰਵਾਇਆ ਸੀ ਪਰੰਤੂ ਕੈਪਟਨ ਸਾਹਿਬ ਨੇ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਆਮ ਲੋਕਾਂ ਲਈ ਮਹਿਲਾਂ ਦੇ ਬੂਹੇ ਬੰਦ ਕਰ ਦਿੱਤੇ ਅਤੇ ਮਹਿਲਾਂ ਵਿੱਚੋ ਇੱਕ ਦਿਨ ਵੀ ਬਾਹਰ ਆ ਕੇ ਆਮ ਜਨਤਾ ਦਾ ਦਰਦ ਨਹੀਂ ਜਾਣ ਸਕੇ ਕਿਉਂਕਿ ਸਾਨੂੰ ਹੁਣ ਲਗਦਾ ਹੈ ਕਿ ਇਹ ਰਾਜਿਆਂ ਤੇ ਧਨਾਢਾਂ ਦੀ ਸਰਕਾਰ ਹੈ ਜੇਕਰ ਇਨ੍ਹਾਂ ਨੂੰ ਆਮ ਜਨਤਾ ਲਈ ਥੋੜ੍ਹਾ ਬਹੁਤਾ ਵੀ ਦਰਦ ਹੁੰਦਾ ਤਾਂ ਅੱਜ ਪੰਜਾਬ ਦਾ ਹਰ ਵਰਗ ਸੜਕਾਂ 'ਤੇ ਨਾ ਹੁੰਦਾ।
ਅੱਜ ਉਨ੍ਹਾਂ ਦੇ ਧਰਨੇ ਦੇ 15 ਦਿਨ ਬੀਤ ਜਾਣ ਦੇ ਬਾਅਦ ਵੀ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਉਨ੍ਹਾਂ ਨਾਲ ਰਾਬਤਾ ਕਾਇਮ ਨਹੀਂ ਕੀਤਾ ਗਿਆ ਜੋ ਕਿ ਪੰਜਾਬੀ ਸਟੈਨੋ ਜਾਂ ਮਾਤ ਭਾਸ਼ਾ ਪੰਜਾਬੀ ਨੂੰ ਪਿਆਰ ਕਰਨ ਵਾਲੇ ਹਰ ਇੱਕ ਵਿਅਤਕੀ ਦਾ ਸ਼ੋਸ਼ਣ ਹੈ।ਉਨ੍ਹਾਂ ਕਿਹਾ ਕਿ ਅਸੀਂ ਕੈਪਟਨ ਸਾਹਿਬ ਅੱਗੇ ਅਪੀਲ ਕਰਦੇ ਹਾਂ ਕਿ ਉਹ ਪੰਜਾਬੀ ਸਟੈਨੋ ਦੀ ਭਰਤੀ ਦਾ ਇਸ਼ਤਿਹਾਰ ਤੁਰੰਤ ਜਾਰੀ ਕਰ ਕੇ ਉਨ੍ਹਾਂ ਦੀ ਸਰਕਾਰ ਦੇ ਰਹਿੰਦੇ ਸਮੇਂ ਅੰਦਰ-ਅੰਦਰ ਭਰਤੀ ਪ੍ਰਕਿਰਿਆ ਮੁਕੰਮਲ ਕਰੋ।