ਇੰਦੌਰ: ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਾਬ ਛਿੜਕ ਕੇ 5 ਬੇਸਹਾਰਾ ਕੁੱਤਿਆਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਨੇ ਉਨ੍ਹਾਂ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ ਕਰ ਲਿਆ ਹੈ। ਪਸ਼ੂ ਪ੍ਰੇਮੀਆਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਪਸ਼ੂ ਪ੍ਰੇਮੀ ਸੰਗਠਨ ਪੀਪਲ ਫਾਰ ਐਨੀਮਲਸ ਦੇ ਇੰਦੌਰ ਯੂਨਿਟ ਦੇ ਪ੍ਰਧਾਨ ਪ੍ਰਿਆਂਸ਼ੂ ਜੈਨ ਨੇ ਕਿਹਾ ਕਿ ਸਾਨੂੰ ਸਾਡੀ ਹੈਲਪਲਾਈਨ ’ਤੇ ਸੂਚਨਾ ਮਿਲੀ ਸੀ ਕਿ ਉਜੈਨ ਦੇ ਨਾਗਝੀਰੀ ਥਾਣਾ ਖੇਤਰ ਵਿਚ ਅਣਜਾਣ ਲੋਕਾਂ ਨੇ 5 ਬੇਸਹਾਰਾ ਕੁੱਤਿਆਂ ਦੇ ਮੂੰਹ ’ਤੇ ਤੇਜ਼ਾਬ ਛਿੜਕ ਦਿੱਤਾ, ਜਿਸ ਕਰ ਕੇ ਜ਼ਖਮੀ ਜਾਨਵਰ ਦਰਦ ਨਾਲ ਚੀਕ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਸਥਾਨਕ ਨਾਗਰਿਕਾਂ ਨੇ ਪੰਜ ਕੁੱਤਿਆਂ ਦਾ ਇਲਾਜ ਨਜ਼ਦੀਕੀ ਪਸ਼ੂ ਹਸਪਤਾਲ ਵਿਚ ਕਰਵਾਇਆ। ਪਰ 4 ਤੋਂ 8 ਸਾਲ ਦੀ ਉਮਰ ਦੇ ਇਨ੍ਹਾਂ ਜਾਨਵਰਾਂ ਦੀ ਜਾਨ ਬਚਾਈ ਨਹੀਂ ਜਾ ਸਕੀ। ਜੈਨ ਨੇ ਦੱਸਿਆ ਕਿ ਇੰਦੌਰ ਤੋਂ ਕਰੀਬ 50 ਕਿਲੋਮੀਟਰ ਦੂਰ ਨਾਗਝਿਰੀ ਪਹੁੰਚਣ ਤੋਂ ਬਾਅਦ, ਉਹ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਇਸ ਅਣਮਨੁੱਖੀ ਘਟਨਾ ਦਾ ਵੇਰਵਾ ਦਿੱਤਾ। ਇਸ ਤੋਂ ਬਾਅਦ ਸ਼ੁੱਕਰਵਾਰ ਦੇਰ ਸ਼ਾਮ ਸਥਾਨਕ ਪੁਲਿਸ ਸਟੇਸ਼ਨ ਵਿਖੇ ਧਾਰਾ 428 ਅਤੇ 429 ਦੇ ਅਧੀਨ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਨਾਗਝਿਰੀ ਥਾਣੇ ਦੇ ਸਬ-ਇੰਸਪੈਕਟਰ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੇ ਬੇਸਹਾਰਾ ਕੁੱਤਿਆਂ ਨੂੰ ਤੇਜ਼ਾਬ ਛਿੜਕ ਕੇ ਮਾਰਿਆ ਸੀ, ਉਨ੍ਹਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਉਹ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖ ਕੇ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹੋਰ ਖਾਸ ਖ਼ਬਰਾਂ ਲਈ ਇਥੇ ਕਲਿਕ ਕਰੋ