ਮੋਹਾਲੀ (ਸੱਚੀ ਕਲਮ ਬਿਊਰੋ) : ਅਧੀਨ ਸੇਵਾਵਾਂ ਚੋਣ ਬੋਰਡ ਮੁਹਾਲੀ ਦੇ ਮੁੱਖ ਗੇਟ ਅੱਗੇ ਪੰਜਾਬ ਭਰ ਦੇ ਬੇਰੁਜ਼ਗਾਰ ਸਟੈਨੋ ਟਾਈਪਿਸਟਾਂ ਵਲੋਂ ਅੱਜ 12ਵੇਂ ਦਿਨ ਲਗਾਤਾਰ ਧਰਨਾ ਜਾਰੀ ਰੱਖਿਆ ਗਿਆ। ਸਟੈਨੋ ਯੂਨੀਅਨ ਦੇ ਮੈਂਬਰਾਂ ਨੇ ਗੱਲ ਕਰਦਿਆਂ ਕਿਹਾ ਕਿ ਬੋਰਡ ਦੇ ਮੈਂਬਰਾਂ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਬਿਲਕੁਲ ਅਣਗੌਲਿਆਂ ਹੀ ਕੀਤਾ ਜਾ ਰਿਹਾ ਹੈ ਜਿਸ ਦਾ ਨਤੀਜਾ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ।
ਸਰਕਾਰ ਮੁਫਤ ਬਿਜਲੀ ਪਾਣੀ ਆਟਾ ਦਾਲ ਸਕੀਮਾਂ ਦੇ ਵਾਅਦੇ ਕਰ ਰਹੀ ਹੈ ਜਿਸ ਨਾਲ ਪੰਜਾਬ ਸਰਕਾਰ ਲੋਕਾਂ ਨੂੰ ਮੰਗਤੇ ਬਣਾ ਰਹੀ ਤੇ ਅੰਦਰੋਂ ਖੋਖਲਾ ਤੇ ਤਬਾਹ ਕਰ ਰਹੀ ਕਿਉਂ ਨਾ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਤੇ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰੇ ਤੇ ਸਾਨੂੰ ਇਹ ਮੁਫਤ ਦੀਆਂ ਸਕੀਮਾਂ ਦੀ ਲੋੜ ਨਾ ਪਵੇ। ਇੱਥੇ ਰੁਜ਼ਗਾਰ ਨਾ ਹੋਣ ਕਾਰਨ ਸਾਡੇ ਪੜ੍ਹੇ-ਲਿਖੇ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ।
ਐੱਮ.ਏ., ਬੀ.ਏ. ਪਾਸ ਬੇਰੁਜ਼ਗਾਰ ਨੌਜਵਾਨ 12 ਦਿਨਾਂ ਤੋਂ ਦਿਨ ਰਾਤ ਐੱਸ.ਐੱਸ.ਬੋਰਡ ਮੋਹਾਲੀ ਅੱਗੇ ਸੜਕਾਂ 'ਤੇ ਰਹਿਣ ਲਈ ਮਜਬੂਰ ਨੇ ਜਿਸ ਕਰ ਕੇ ਬੇਰੁਜ਼ਾਰ ਸਟੈਨੋ ਨੌਜਵਾਨਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਨੌਜਵਾਨੀ ਨੂੰ ਬਚਾਉਣ ਲਈ ਤੁਰੰਤ ਪੰਜਾਬੀ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ ਤਾਂ ਜੋ ਕੈਪਟਨ ਸਰਕਾਰ ਦਾ ਘਰ ਘਰ ਰੁਜ਼ਗਾਰ ਦਾ ਸੁਪਨਾ ਪੂਰਾ ਹੋ ਸਕੇ।